ਮਾਣਹਾਨੀ ਕੇਸ: ਬੰਬੇ ਹਾਈਕੋਰਟ ਵੱਲੋਂ ਕੰਗਨਾ ਰਣੌਤ ਵੱਲੋਂ ਰੱਦ ਕਰਵਾਉਣ ਲਈ ਪਾਈ ਪਟੀਸ਼ਨ ਖਾਰਜ

646
Share

ਮੁੰਬਈ, 9 ਸਤੰਬਰ (ਪੰਜਾਬ ਮੇਲ)- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਬੰਬੇ ਹਾਈਕੋਰਟ ਤੋਂ ਝਟਕਾ ਲੱਗਾ ਹੈ। ਉਸ ਖ਼ਿਲਾਫ਼ ਜਾਵੇਦ ਅਖ਼ਤਰ ਨੇ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ। ਕੰਗਨਾ ਨੇ ਇਸ ਕੇਸ ਨੂੰ ਰੱਦ ਕਰਵਾਉਣ ਦੀ ਪਟੀਸ਼ਨ ਬੰਬੇ ਹਾਈਕੋਰਟ ’ਚ ਦਾਖ਼ਲ ਕੀਤੀ ਸੀ, ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਹੈ। ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕੰਗਨਾ ਨੇ ਜਾਵੇਦ ਅਖ਼ਤਰ ’ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਜਾਵੇਦ ਅਖ਼ਤਰ ਨੇ ਉਸ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ।
ਅਸਲ ’ਚ ਜਾਵੇਦ ਅਖ਼ਤਰ ਵੱਲੋਂ ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ। ਜਾਵੇਦ ਅਖ਼ਤਰ ਦਾ ਦੋਸ਼ ਹੈ ਕਿ ਉਸ ਨੇ ਨੈਸ਼ਨਲ ਟੀ.ਵੀ. ’ਤੇ ਉਸ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਆਖੀਆਂ ਹਨ। ਜਾਵੇਦ ਅਖ਼ਤਰ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਲੈ ਕੇ ਦਿੱਤੇ ਉਸ ਦੇ ਟੀ.ਵੀ. ਇੰਟਰਵਿਊ ਦਾ ਜ਼ਿਕਰ ਕੀਤਾ ਸੀ।
ਸੁੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਇਕ ਇੰਟਰਵਿਊ ’ਚ ਕੰਗਨਾ ਨੇ ਜਾਵੇਦ ਅਖ਼ਤਰ ਦਾ ਨਾਂ ਲੈਂਦਿਆਂ ਉਨ੍ਹਾਂ ’ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਸਨ। ਅਦਾਕਾਰਾ ਦੇ ਦੋਸ਼ਾਂ ਤੋਂ ਬਾਅਦ ਜਾਵੇਦ ਨੇ ਉਸ ਦੇ ਖ਼ਿਲਾਫ਼ ਐਕਸ਼ਨ ਲਿਆ ਸੀ। ਇਸ ਤੋਂ ਬਾਅਦ ਦਸੰਬਰ ’ਚ ਅਦਾਲਤ ਨੇ ਜੁਹੂ ਪੁਲਿਸ ਨੂੰ ਕੰਗਨਾ ਦੇ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਸਨ ਤੇ ਰਿਪੋਰਟ ਸੌਂਪੇ ਜਾਣ ਤੋਂ ਬਾਅਦ ਮੁਕੱਦਮੇ ਦੀ ਕਾਰਵਾਈ ਸ਼ੁਰੂ ਕਰਦਿਆਂ ਫਰਵਰੀ ’ਚ ਕੰਗਨਾ ਨੂੰ ਨੋਟਿਸ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਕੰਗਨਾ ਤੇ ਜਾਵੇਦ ਅਖ਼ਤਰ ਵਿਚਾਲੇ ਵਿਵਾਦ ਕਾਫੀ ਵੱਧ ਗਿਆ।
ਇਸ ਤੋਂ ਪਹਿਲਾਂ ਕੰਗਨਾ ਨੇ ਜ਼ਮਾਨਤ ਲਈ ਵੀ ਪਟੀਸ਼ਨ ਦਿੱਤੀ ਸੀ, ਜਿਸ ’ਤੇ ਸੁਣਵਾਈ ਕਰਦਿਆਂ ਕੋਰਟ ਨੇ ਕੰਗਨਾ ਨੂੰ ਜ਼ਮਾਨਤ ਦੇ ਦਿੱਤੀ ਸੀ। ਜਾਵੇਦ ਅਖ਼ਤਰ ਨੇ ਕੰਗਨਾ ਰਣੌਤ ’ਤੇ ਟੀ. ਵੀ. ਇੰਟਰਵਿਊ ’ਚ ਕਥਿਤ ਤੌਰ ’ਤੇ ਉਸ ਦੇ ਖ਼ਿਲਾਫ਼ ਮਾਣਹਾਨੀ ਤੇ ਗਲਤ ਬਿਆਨ ਦੇਣ ਦੇ ਦੋਸ਼ ਲਗਾਏ ਸਨ।

Share