ਮਾਣਹਾਨੀ ਕੇਸ: ਪ੍ਰਸ਼ਾਂਤ ਭੂਸ਼ਣ ਨੂੰ ਸੁਪਰੀਮ ਕੋਰਟ ਨੇ ਲਾਇਆ ਇਕ ਰੁਪਏ ਜੁਰਮਾਨਾ

264
Share

ਨਵੀਂ ਦਿੱਲੀ, 1 ਸਤੰਬਰ, (ਪੰਜਾਬ ਮੇਲ) – ਚੀਫ ਜਸਟਿਸ ਐਸ.ਏ. ਬੋਬੜੇ ਬਾਰੇ ਦੋ ਵਿਵਾਦਤ ਟਵੀਟ ਕਰ ਕੇ ਅਪਰਾਧਿਕ ਮਾਣਹਾਨੀ ਦੇ ਦੋਸ਼ੀ ਕਰਾਰ ਦਿੱਤੇ ਗਏ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਅੱਜ ਸੁਪਰੀਮ ਕੋਰਟ ਨੇ ਇਕ ਰੁਪਏ ਦਾ ਮਾਮੂਲੀ ਜੁਰਮਾਨਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨਿਆਂਇਕ ਪ੍ਰਸ਼ਾਸਨ ਦੇ ਸੰਸਥਾਨ ਦੇ ਰੁਤਬੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸਖ਼ਤ ਸਜ਼ਾ ਸੁਣਾਉਣ ਦੀ ਬਜਾਏ ਨਰਮੀ ਦਿਖਾ ਰਿਹਾ ਹੈ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਜੁਰਮਾਨਾ ਸੁਪਰੀਮ ਕੋਰਟ ਦੀ ਰਜਿਸਟਰੀ ਕੋਲ 15 ਸਤੰਬਰ ਤੱਕ ਜਮ੍ਹਾਂ ਕਰਵਾਇਆ ਜਾਵੇ ਅਤੇ ਜੇਕਰ ਉਹ ਜੁਰਮਾਨਾ ਨਹੀਂ ਭਰਦੇ ਹਨ ਤਾਂ ਪ੍ਰਸ਼ਾਂਤ ਭੂਸ਼ਣ ਨੂੰ ਤਿੰਨ ਮਹੀਨੇ ਦੀ ਸਾਧਾਰਨ ਕੈਦ ਅਤੇ ਤਿੰਨ ਸਾਲਾਂ ਲਈ ਸਿਖਰਲੀ ਅਦਾਲਤ ’ਚ ਵਕਾਲਤ ਕਰਨ ’ਤੇ ਪਾਬੰਦੀ ਲਗਾ ਦਿੱਤੀ ਜਾਵੇਗੀ।   ਬੈਂਚ ਨੇ ਆਪਣੇ ਫ਼ੈਸਲੇ ’ਚ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ’ਤੇ ਰੋਕ ਨਹੀਂ ਲਾਈ ਜਾ ਸਕਦੀ ਹੈ ਪਰ ਦੂਜਿਆਂ ਦੇ ਹੱਕਾਂ ਦਾ ਸਨਮਾਨ ਕਰਨ ਦੀ ਵੀ ਲੋੜ ਹੈ। ਫ਼ੈਸਲੇ ਨੂੰ ਜਸਟਿਸ ਮਿਸ਼ਰਾ ਨੇ ਪੜ੍ਹ ਕੇ ਸੁਣਾਇਆ ਜੋ 2 ਸਤੰਬਰ ਨੂੰ ਸੇਵਾਮੁਕਤ ਹੋਣ ਵਾਲੇ ਹਨ ਪਰ ਫ਼ੈਸਲਾ ਲਿਖਣ ਵਾਲੇ ਕਿਸੇ ਜੱਜ ਦਾ ਨਾਮ ਸ਼ਾਮਲ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਬੋਲਣ ਦੀ ਆਜ਼ਾਦੀ ਦੇ ਹੱਕ ਦੀ ਵਰਤੋਂ ਕਰਦਿਆਂ ਪ੍ਰਣਾਲੀ ਦੀ ਢੁੱਕਵੀਂ ਆਲੋਚਨਾ ਦਾ ਸਵਾਗਤ ਹੈ ਪਰ ਜਦੋਂ ਤੈਅ ਸੀਮਾ ਤੋਂ ਜ਼ਿਆਦਾ ਹਮਲੇ ਹੋਣ ਤਾਂ ਹੀ ਅਦਾਲਤ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਭੂਸ਼ਣ ਨੂੰ ਕਈ ਵਾਰ ਸਿੱਧੇ ਅਤੇ ਅਸਿੱਧੇ ਢੰਗ ਨਾਲ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਨਹੀਂ ਮੰਨੇ ਅਤੇ ਜੇਕਰ ਅਜਿਹੇ ਵਿਵਹਾਰ ਦਾ ਨੋਟਿਸ ਨਾ ਲਿਆ ਜਾਂਦਾ ਤਾਂ ਮੁਲਕ ’ਚ ਗਲਤ ਸੁਨੇਹਾ ਜਾਣਾ ਸੀ। -ਪੀਟੀਆਈ

ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵੱਲੋਂ ਲਗਾਏ ਗਏ ਇਕ ਰੁਪਏ ਦਾ ਸੰਕੇਤਕ ਜੁਰਮਾਨਾ ਭਰਨਗੇ ਪਰ ਨਾਲ ਹੀ ਸੰਕੇਤ ਦਿੱਤੇ ਕਿ ਉਹ ਅਪਰਾਧਿਕ ਮਾਣਹਾਨੀ ਦੇ ਕੇਸ ’ਚ ਸੁਣਾਏ ਗਏ ਹੁਕਮਾਂ ਖਿਲਾਫ਼ ਨਜ਼ਰਸਾਨੀ ਪਟੀਸ਼ਨ ਵੀ ਦਾਖ਼ਲ ਕਰ ਸਕਦੇ ਹਨ। ਸ੍ਰੀ ਭੂਸ਼ਣ ਨੇ ਸੁਪਰੀਮ ਕੋਰਟ ਅਤੇ ਨਿਆਂਪਾਲਿਕਾ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਟਵੀਟ ਸੁਪਰੀਮ ਕੋਰਟ ਜਾਂ ਨਿਆਂਪਾਲਿਕਾ ਦਾ ਅਪਮਾਨ ਕਰਨ ਲਈ ਨਹੀਂ ਸਨ। ਸੁਪਰੀਮ ਕੋਰਟ ਵੱਲੋਂ ਜੁਰਮਾਨਾ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ ਕੀਤੀ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਕਿਹਾ ਕਿ ਮੁਲਕ ਦਾ ਸੁਪਰੀਮ ਕੋਰਟ ਜਦੋਂ ਜਿੱਤਦਾ ਹੈ ਤਾਂ ਭਾਰਤ ਦਾ ਹਰੇਕ ਨਾਗਰਿਕ ਜਿੱਤਦਾ ਹੈ। ‘ਹਰ ਭਾਰਤੀ ਇਕ ਮਜ਼ਬੂਤ ਅਤੇ ਆਜ਼ਾਦ ਨਿਆਂਪਾਲਿਕਾ ਚਾਹੁੰਦਾ ਹੈ। ਸੁਭਾਵਿਕ ਹੈ ਕਿ ਜੇਕਰ ਅਦਾਲਤਾਂ ਕਮਜ਼ੋਰ ਹੋਣਗੀਆਂ ਤਾਂ ਇਸ ਨਾਲ ਗਣਤੰਤਰ ਵੀ ਕਮਜ਼ੋਰ ਹੋਵੇਗਾ ਅਤੇ ਹਰੇਕ ਨਾਗਰਿਕ ਨੂੰ ਨੁਕਸਾਨ ਹੋਵੇਗਾ।’ ਉਨ੍ਹਾਂ ਸਾਥ ਦੇਣ ਲਈ ਸਾਰੇ ਲੋਕਾਂ, ਸਾਬਕਾ ਜੱਜਾਂ, ਵਕੀਲਾਂ ਅਤੇ ਹੋਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹੁਣ ਅੱਗੇ ਨਾਲੋਂ ਵਧੇਰੇ ਸਚਾਈ ਦੀ ਜਿੱਤ ਹੋਵੇਗੀ। ‘ਲੋਕਤੰਤਰ ਜ਼ਿੰਦਾਬਾਦ, ਸਤਿਆਮੇਵ ਜਯਤੇ।’


Share