ਮਾਡਰਨਾ ਵੈਕਸੀਨ ਨੂੰ ਵੀ ਅਮਰੀਕਾ ਵਿਚ ਕੋਰੋਨਾ ਵਿਰੁਧ ਮਿਲੀ ਮਨਜੂਰੀ

463
Share

ਵਾਸ਼ਿੰਗਟਨ, 19 ਦਸੰਬਰ (ਪੰਜਾਬ ਮੇਲ)- ਕੋਰੋਨਾ ਰੋਕੂ ਟੀਕੇ ਲਈ ਪ੍ਰਵਾਨਤ ਕੰਪਨੀ ਫ਼ਾਈਜ਼ਰ ਨੂੰ ਤਾਂ ਮਨਜੂਰੀ ਮਿਲ ਚੁੱਕੀ ਹੈ, ਪਰ ਟੀਕੇ ਦੀ ਮੰਗ ਦੀ ਪੂਰਤੀ ਲਈ ਹੁਣ ਹੋਰ ਕੰਪਨੀਆਂ ਦਾ ਵੀ ਯੋਗਦਾਨ ਲਿਆ ਜਾ ਸਕਦਾ ਹੈ। ਇਸੇ ਕਰ ਕੇ ਅਮਰੀਕਾ ਵਿਚ ਇਸ ਘਾਤਕ ਵਾਇਰਸ ਦੇ ਕਹਿਰ ਨਾਲ ਮੁਕਾਬਲੇ ਲਈ ਇਕ ਹੋਰ ਵੈਕਸੀਨ ਦੀ ਵਰਤੋਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਅਮਰੀਕੀ ਸਿਹਤ ਏਜੰਸੀ ਐੱਫਡੀਏ ਦੀ ਵਿਸ਼ੇਸ਼ ਸਲਾਹਕਾਰ ਕਮੇਟੀ ਨੇ ਮਾਡਰਨਾ ਵੈਕਸੀਨ ਦੀ ਹੰਗਾਮੀ ਵਰਤੋਂ ਨੂੰ ਮਨਜੂਰੀ ਦੇ ਦਿੱਤੀ ਹੈ। ਮਨਜ਼ੂਰੀ ਪਾਉਣ ਵਾਲੀ ਇਹ ਦੂਜੀ ਵੈਕਸੀਨ ਬਣ ਗਈ ਹੈ। ਇਸ ਤੋਂ ਪਹਿਲੇ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਮਿਲੀ ਸੀ। ਐੱਫਡੀਏ ਤੋਂ ਫਾਈਜ਼ਰ ਵੈਕਸੀਨ ਦੀ ਹੰਗਾਮੀ ਵਰਤੋਂ ਦੀ ਇਜਾਜ਼ਤ ਮਿਲਣ ਪਿੱਛੋਂ ਅਮਰੀਕਾ ਵਿਚ ਸੋਮਵਾਰ ਤੋਂ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਸਭ ਤੋਂ ਪਹਿਲੇ ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਅਮਰੀਕਾ ਵਿਚ ਹੁਣ ਤਕ ਇਕ ਕਰੋੜ 70 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਪ੍ਰਭਾਵਿਤ ਮਿਲੇ ਹਨ ਅਤੇ ਤਿੰਨ ਲੱਖ 10 ਹਜ਼ਾਰ ਤੋਂ ਜ਼ਿਆਦਾ ਪੀੜਤਾਂ ਦੀ ਮੌਤ ਹੋਈ ਹੈ।

ਇਥੇ ਦਸ ਦਈਏ ਕਿ ਐੱਫਡੀਏ ਦੀ ਸਲਾਹਕਾਰ ਕਮੇਟੀ ਨੇ ਵੀਰਵਾਰ ਨੂੰ ਇਕ ਮੈਂਬਰ ਦੀ ਗ਼ੈਰ-ਹਾਜ਼ਰੀ ਵਿਚ 20 ਵੋਟਾਂ ਨਾਲ ਮਾਡਰਨਾ ਦੀ ਵੈਕਸੀਨ ਦੀ ਹੰਗਾਮੀ ਵਰਤੋਂ ਦੀ ਸਿਫ਼ਾਰਸ਼ ਕੀਤੀ।  ਇਸ ਸਿਫ਼ਾਰਸ਼ ‘ਤੇ ਜਲਦੀ ਹੀ ਐੱਫਡੀਏ ਦੀ ਵੀ ਮੋਹਰ ਲੱਗ ਸਕਦੀ ਹੈ। ਮਨਜ਼ੂਰੀ ਮਿਲਣ ਮਗਰੋ ਮਾਡਰਨਾ ਵੈਕਸੀਨ ਦੀ ਖ਼ੁਰਾਕ ਅਮਰੀਕਾ ਵਿਚ ਕਈ ਥਾਵਾਂ ‘ਤੇ ਪਹੁੰਚਾ ਦਿੱਤੀ ਜਾਵੇਗੀ। ਅਮਰੀਕੀ ਕੰਪਨੀ ਮਾਡਰਨਾ ਨੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੈਕਸ਼ੀਅਸ ਡਿਜ਼ੀਜ਼ ਨਾਲ ਮਿਲ ਕੇ ਇਹ ਵੈਕਸੀਨ ਵਿਕਸਿਤ ਕੀਤੀ ਹੈ ਅਤੇ ਇਹ ਵੈਕਸੀਨ 94 ਫ਼ੀ ਸਦੀ ਅਸਰਦਾਰ  ਪਾਈ ਗਈ ਸੀ।


Share