ਮਾਟਿਓ ਪੈਲੀਕੋਨ ਰੈਂਕਿੰਗ ਕੁਸ਼ਤੀ ਸੀਰੀਜ਼ ’ਚ ਬਜਰੰਗ ਨੇ ਸੋਨ ਤਗਮਾ ਜਿੱਤ ਕੇ ਬਚਾਇਆ ਖ਼ਿਤਾਬ

338
Share

ਰੋਮ, 8 ਮਾਰਚ (ਪੰਜਾਬ ਮੇਲ)- ਟੋਕੀਓ ਓਲੰਪਿਕ ਦੀਆਂ ਤਿਆਰੀਆਂ ’ਚ ਲੱਗੇ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਆਖਰੀ 30 ਸਕਿੰਟਾਂ ਵਿਚ ਦੋ ਅੰਕ ਬਣਾ ਕੇ ਮਾਟਿਓ ਪੈਲੀਕੋਨ ਰੈਂਕਿੰਗ ਕੁਸ਼ਤੀ ਸੀਰੀਜ਼ ’ਚ ਸੋਨ ਤਗਮਾ ਜਿੱਤ ਕੇ ਆਪਣਾ ਖਿਤਾਬ ਬਚਾ ਲਿਆ ਹੈ। ਇਸ ਦੇ ਨਾਲ ਹੀ ਭਾਰਤੀ ਪਹਿਲਵਾਨ ਆਪਣੇ ਭਾਰ ਵਰਗ ਵਿਚ ਮੁੜ ਸਿਖਰ ’ਤੇ ਪਹੁੰਚ ਗਿਆ ਹੈ। ਮੰਗੋਲੀਆ ਦੇ ਤੁਲਗਾ ਤੁਮੂਰ ਓਚਿਰ ਖ਼ਿਲਾਫ਼ 65 ਕਿਲੋ ਵਰਗ ਦੇ ਫਾਈਨਲ ਵਿਚ ਬਜਰੰਗ ਅੰਤਿਮ ਪਲਾਂ ਤਕ 0-2 ਨਾਲ ਪਿੱਛੇ ਚੱਲ ਰਿਹਾ ਸੀ, ਪਰ ਆਖਰੀ 30 ਸਕਿੰਟਾਂ ਵਿਚ ਉਸ ਨੇ ਦੋ ਅੰਕ ਬਣਾ ਕੇ ਸਕੋਰ ਬਰਾਬਰ ਕਰ ਲਿਆ। ਐਤਵਾਰ ਨੂੰ ਹੋਏ ਮੁਕਾਬਲੇ ’ਚ ਭਾਰਤੀ ਪਹਿਲਵਾਨ ਨੇ ਆਖਰੀ ਅੰਕ ਬਣਾਇਆ ਸੀ, ਜਿਸ ਆਧਾਰ ’ਤੇ ਉਸ ਨੂੰ ਜੇਤੂ ਐਲਾਨਿਆ ਗਿਆ। ਬਜਰੰਗ ਇਸ ਟੂਰਨਾਮੈਂਟ ਤੋਂ ਪਹਿਲਾਂ ਆਪਣੇ ਭਾਰ ਵਰਗ ਦੀ ਰੈਂਕਿੰਗ ਵਿਚ ਦੂਸਰੇ ਸਥਾਨ ’ਤੇ ਸੀ ਪਰ ਇੱਥੇ 14 ਅੰਕ ਹਾਸਲ ਕਰਕੇ ਉਹ ਸਿਖਰ ’ਤੇ ਪਹੁੰਚ ਗਿਆ। ਇਸੇ ਤਰ੍ਹਾਂ ਵਿਸ਼ਾਲ ਕਾਲੀਰਮਨ ਨੇ ਗੈਰ-ਓਲੰਪਿਕ ਵਰਗ ਦੇ 70 ਕਿਲੋ ਮੁਕਾਬਲੇ ਵਿਚ ਕਜ਼ਾਖ਼ਿਸਤਾਨ ਦੇ ਸੀਰਬਾਜ ਤਾਲਗਤ ਨੂੰ 5-1 ਨਾਲ ਹਰਾ ਕੇ ਕਾਂਸੇ ਦਾ ਤਗਮਾ ਹਾਸਲ ਕੀਤਾ। ਬੀਤੇ ਦਿਨ ਮਹਿਲਾ ਵਰਗ ਵਿਚ ਵਿਨੇਸ਼ ਫੋਗਾਟ ਨੇ ਸੋਨੇ ਦਾ ਅਤੇ ਸਰਿਤਾ ਮੋਰ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।

Share