ਮਹਿਲਾ ਪਹਿਲਵਾਨ ਨਿਸ਼ਾ ਤੇ ਉਸ ਦੇ ਭਰਾ ਦੀ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਹੱਤਿਆ!

265
Share

ਮਿ੍ਰਤਕ ਪਹਿਲਵਾਨ ਦੀ ਸ਼ਨਾਖਤ ਨੂੰ ਲੈ ਕੇ ਪੈਦਾ ਹੋਇਆ ਭੰਬਲਭੂਸਾ
ਸੋਨੀਪਤ/ਗੋਂਡਾ, 11 ਨਵੰਬਰ (ਪੰਜਾਬ ਮੇਲ)- ਇਥੋਂ ਦੀ ਇਕ ਅਕਾਦਮੀ ’ਚ ਬੀਤੇ ਦਿਨੀਂ ਨਿਸ਼ਾ ਦਹੀਆ ਨਾਂ ਦੀ ਇਕ ਮਹਿਲਾ ਪਹਿਲਵਾਨ ਅਤੇ ਉਸ ਦੇ ਭਰਾ ਦੀ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਹਿਲਾ ਦੀ ਸ਼ਨਾਖਤ ਨੂੰ ਲੈ ਕੇ ਭੰਬਲਭੂਸਾ ਪੈਦਾ ਹੋ ਗਿਆ। ਕੁਝ ਰਿਪੋਰਟਾਂ ’ਚ ਉਸ ਦੀ ਸ਼ਨਾਖਤ ਅੰਡਰ 23 ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ ਜੇਤੂ ਪਹਿਲਵਾਨ ਨਿਸ਼ਾ ਦਹੀਆ ਦੱਸੀ ਗਈ ਹੈੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਮਲਾਵਰਾਂ ਵੱਲੋਂ ਕੀਤੀ ਗੋਲੀਬਾਰੀ ਵਿਚ ਨਿਸ਼ਾ ਦੀ ਮਾਂ ਵੀ ਜ਼ਖ਼ਮੀ ਹੋਈ ਹੈ, ਜਿਸ ਨੂੰ ਰੋਹਤਕ ਪੀ.ਜੀ.ਆਈ. ਵਿਚ ਦਾਖਲ ਕਰਵਾਇਆ ਗਿਆ ਹੈ। ਸੋਨੀਪਤ ਦੇ ਅਸਿਸਟੈਂਟ ਸੁਪਰਡੈਂਟ ਆਫ ਪੁਲਿਸ ਮਯੰਕ ਗੁਪਤਾ ਨੇ ਦਹੀਆ ਅਤੇ ਉਸ ਦੇ ਭਰਾ ਸੂਰਜ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਹ ਘਟਨਾ ਸੋਨੀਪਤ ਦੇ ਹਲਾਲਪੁਰ ’ਚ ਸਥਿਤ ਸੁਸ਼ੀਲ ਕੁਮਾਰ ਕੁਸ਼ਤੀ ਅਕਾਦਮੀ ਵਿਚ ਵਾਪਰੀ ਦੱਸੀ ਜਾਂਦੀ ਹੈ। ਆਨਲਾਈਨ ਆਈਆਂ ਕਈ ਰਿਪੋਰਟਾਂ ’ਚ ਦਹੀਆ ਦੀ ਸ਼ਨਾਖਤ ਵਿਸ਼ਵ ਤਮਗਾ ਜੇਤੂ ਦੱਸੀ ਗਈ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨੇ ਬੁੱਧਵਾਰ ਸਵੇਰੇ ਵਧਾਈ ਦਿੱਤੀ ਸੀ।
ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਇਸ ਦਾ ਪਤਾ ਚੱਲਣ ਬਾਅਦ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਨਿਸ਼ਾ ਦਹੀਆ ਇਹ ਕਹਿੰਦੀ ਦਿਖਾਈ ਦਿੰਦੀ ਹੈ ਕਿ ਉਹ ਗੋਂਡਾ ਵਿਚ ਹੈ ਤੇ ਠੀਕ ਹੈ ਅਤੇ ਕੌਮੀ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਹੀ ਹੈ। ਉਸ ਦੇ ਨਾਲ ਵੀਡੀਓ ’ਚ ਸਾਕਸ਼ੀ ਮਲਿਕ ਵੀ ਦਿਖਾਈ ਦਿੰਦੀ ਹੈ।
ਕੋਚ ਰਣਧੀਰ ਮਲਿਕ ਜੋ ਭਾਰਤੀ ਮਹਿਲਾ ਟੀਮ ਨਾਲ ਬੈਲਗ੍ਰੇਡ ਗਏ ਸਨ, ਨੇ ਕਿਹਾ ਕਿ ਜਿਸ ਮਹਿਲਾ ਪਹਿਲਵਾਨ ਦੀ ਹੱਤਿਆ ਕੀਤੀ ਗਈ ਹੈ, ਉਹ ਵਿਸ਼ਵ ਚੈਂਪੀਅਨਸ਼ਿਪ ਵਿਚ ਤਮਗਾ ਜੇਤੂ ਨਿਸ਼ਾ ਦਹੀਆ ਨਹੀਂ ਹੈ ਪਰ ਉਹ ਵੀ ਪਹਿਲਵਾਨ ਹੈ ਤੇ ਉਸ ਦਾ ਨਾਂ ਵੀ ਨਿਸ਼ਾ ਦਹੀਆ ਹੈ। ਉਨ੍ਹਾਂ ਕਿਹਾ ਕਿ ਨਿਸ਼ਾ ਸੁਰੱਖਿਅਤ ਹੈ ਤੇ ਉਸ ਦੀ ਮੌਤ ਦੀ ਆਈ ਖ਼ਬਰ ਝੂਠੀ ਹੈ। ਉਧਰ, ਸੋਨੀਪਤ ਪੁਲਿਸ ਨੂੰ ਖਦਸ਼ਾ ਹੈ ਕਿ ਇਸ ਘਟਨਾ ਪਿੱਛੇ ਅਕਾਦਮੀ ਦੇ ਕੋਚ ਦਾ ਹੱਥ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

Share