ਮਹਾਰਾਸ਼ਟਰ ਸਿਆਸੀ ਸੰਕਟ; ਮੁੱਖ ਮੰਤਰੀ ਠਾਕਰੇ ਨੇ 9 ਬਾਗ਼ੀ ਮੰਤਰੀਆਂ ਦੇ ਮਹਿਕਮੇ ਹੋਰਨਾਂ ਮੰਤਰੀਆਂ ਨੂੰ ਦਿੱਤੇ

47
Share

ਮੁੰਬਈ, 27 ਜੂਨ (ਪੰਜਾਬ ਮੇਲ)- ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਗੁਹਾਟੀ ਵਿੱਚ ਡੇਰੇ ਲਾਈ ਬੈਠੇ 9 ਬਾਗ਼ੀ ਮੰਤਰੀਆਂ ਦੇ ਮਹਿਕਮੇ ਹੋਰਨਾਂ ਮੰਤਰੀਆਂ ਨੂੰ ਦੇ ਦਿੱਤੇ ਹਨ। ਅਧਿਕਾਰੀ ਨੇ ਇਕ ਬਿਆਨ ਵਿੱਚ ਕਿਹਾ ਕਿ ਪ੍ਰਸ਼ਾਸਨਿਕ ਸੌਖ ਲਈ ਮਹਿਕਮੇ ਹੋਰਨਾਂ ਮੰਤਰੀਆਂ ਨੂੰ ਦਿੱਤੇ ਗਏ ਹਨ। ਸ਼ਿਵ ਸੈਨਾ ਵਿੱਚ ਹੁਣ ਮੁੱਖ ਮੰਤਰੀ ਊਧਵ ਠਾਕਰੇ ਸਣੇ ਚਾਰ ਕੈਬਨਿਟ ਮੰਤਰੀ ਹਨ। ਇਨ੍ਹਾਂ ਵਿਚ ਆਦਿੱਤਿਆ ਠਾਕਰੇ, ਅਨਿਲ ਪਰਬ ਤੇ ਸੁਭਾਸ਼ ਦੇਸਾਈ ਸ਼ਾਮਲ ਹਨ। ਆਦਿੱਤਿਆ ਨੂੰ ਛੱਡ ਕੇ ਬਾਕੀ ਸਾਰੇ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਹਨ। ਸ਼ਿਵ ਸੈਨਾ ਦੀ ਅਗਵਾਈ ਵਾਲੀ ਮਹਾ ਵਿਕਾਸ ਅਘਾੜੀ ਸਰਕਾਰ ਵਿਚ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਕੋਲ ਬਗ਼ਾਵਤ ਤੋਂ ਪਹਿਲਾਂ 10 ਕੈਬਨਿਟ ਰੈਂਕ ਦੇ ਮੰਤਰੀ ਤੇ ਚਾਰ ਰਾਜ ਮੰਤਰੀ ਸਨ। ਸ਼ਿੰਦੇ ਤੇ ਉਦੈ ਸਾਮੰਤ ਤੋਂ ਇਲਾਵਾ ਗੁਹਾਟੀ ਵਿਚ ਡੇੇਰੇ ਲਾਉਣ ਵਾਲੇ ਮੰਤਰੀਆਂ ਵਿਚ ਗੁਲਾਬਰਾਓ ਪਾਟਿਲ, ਦਾਦਾ ਭੂਸੇ, ਸੰਦੀਪਨ ਭੁਮਰੇ, ਸੰਭੂਰਾਜੇ ਦੇਸਾਈ ਤੇ ਅਬਦੁਲ ਸੱਤਾਰ ਸ਼ਾਮਲ ਹਨ। ਪ੍ਰਹਾਰ ਜਨਸ਼ਕਤੀ ਪਾਰਟੀ ਦਾ ਬੱਚੂ ਕੱਡੂ ਤੇ ਸੈਨਾ ਦੇ ਕੋਟੇ ’ਚੋਂ ਆਜ਼ਾਦ ਮੰਤਰੀ ਰਾਜੇਂਦਰ ਯੇਦਰਾਵਕਰ ਵੀ ਸ਼ਿੰਦੇ ਨਾਲ ਹਨ। ਸ਼ਿੰਦੇ ਦਾ ਮਹਿਕਮਾ ਸੁਭਾਸ਼ ਦੇਸਾਈ ਨੂੰ ਅਤੇ ਗੁਲਾਬਰਾਓ ਪਾਟਿਲ ਦਾ ਅਨਿਲ ਪਰਬ ਨੂੰ ਦਿੱਤਾ ਗਿਆ ਹੈ।

Share