ਮਹਾਨ ਹਾਕੀ ਖਿਡਾਰੀ  ਬਲਬੀਰ ਸਿੰਘ ਸੀਨੀਅਰ  ਦਾ ਦਿਹਾਂਤ

783
Share

ਐੱਸ.ਏ.ਐੱਸ. ਨਗਰ, 27 ਮਈ (ਪੰਜਾਬ ਮੇਲ)-ਹਾਕੀ ਦਾ ਧਰੂ ਤਾਰਾ ਯੁੱਗ ਪੁਰਸ਼ ਤੇ ਤਿੰਨ ਵਾਰ ਦੇ ਉਲੰਪਿਕ ਸੋਨ ਤਗਮਾ ਜੇਤੂ ਟੀਮ ਦੇ ਖਿਡਾਰੀ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਇਸ ਫਾਨੀ ਸੰਸਾਰ ਨੂੰ 97 ਸਾਲ ਦੀ ਉਮਰ ‘ਚ ਅਲਵਿਦਾ ਕਹਿ ਗਏ। ਉਨ੍ਹਾਂ ਨੇ ਮੁਹਾਲੀ ਵਿਚਲੇ ਫੋਰਟਿਸ ਹਸਪਤਾਲ ਵਿਖੇ ਸੋਮਵਾਰ ਨੂੰ ਆਖਰੀ ਸਾਹ ਲਏ। ਬਲਬੀਰ ਸੀਨੀਅਰ ਬੀਮਾਰੀ ਦੇ ਚੱਲਦਿਆਂ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਸਨ। ਉਨ੍ਹਾਂ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਸੀ ਤੇ ਉਨ੍ਹਾਂ ਨੂੰ ਲਗਾਤਾਰ ਵੈਟੀਲੇਟਰ ‘ਤੇ ਰੱਖਿਆ ਹੋਇਆ ਸੀ। ਇਸ ਦੌਰਾਨ ਸੋਮਵਾਰ ਨੂੰ ਉਨ੍ਹਾਂ ਦਾ ਜ਼ੇਰੇ ਇਲਾਜ ਦਿਹਾਂਤ ਹੋ ਗਿਆ। ਉਹ ਆਪਣੇ ਪਿੱਛੇ ਧੀ ਸੁਸਬੀਰ ਕੌਰ ਅਤੇ ਤਿੰਨ ਪੁੱਤਰ ਕਵਲਬੀਰ ਸਿੰਘ, ਕਰਨਵੀਰ ਸਿੰਘ ਤੇ ਗੁਰਬੀਰ ਸਿੰਘ ਨੂੰ ਛੱਡ ਗਏ ਹਨ।
ਬਲਬੀਰ ਸਿੰਘ ਸੀਨੀਅਰ ਦਾ ਚੰਡੀਗੜ੍ਹ ਸੈਕਟਰ-25 ਬਿਜਲਈ ਸ਼ਮਸ਼ਾਨ ਘਾਟ ‘ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਚਿਤਾ ਨੂੰ ਅਗਨੀ ਉਨ੍ਹਾਂ ਦੇ ਦੋਹਤੇ ਕਬੀਰ ਸਿੰਘ ਨੇ ਦਿਖਾਈ, ਜਦੋਂਕਿ ਇਸ ਮੌਕੇ ਬਲਬੀਰ ਸਿੰਘ ਸੀਨੀਅਰ ਦੀ ਪੁੱਤਰੀ ਸੁਸ਼ਬੀਰ ਕੌਰ ਵੀ ਮੌਜੂਦ ਸਨ। ਪੰਜਾਬ ਪੁਲਿਸ ਦੀ ਟੁਕੜੀ ਨੇ ਹਥਿਆਰ ਪੁੱਠੇ ਕਰ ਕੇ ਤੇ ਹਵਾ ‘ਚ ਫਾਇਰ ਕਰਕੇ ਇਸ ਮਹਾਨ ਹਾਕੀ ਸਟਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਅਹਿਮ ਸ਼ਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬਲਬੀਰ ਸਿੰਘ ਸੀਨੀਅਰ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਸੀਂ ਆਪਣੇ ਮਹਾਨ ਤੇ ਉੱਘੇ ਖਿਡਾਰੀ ਨੂੰ ਹੀ ਨਹੀਂ ਗੁਆਇਆ, ਬਲਕਿ ਅਸੀਂ ਆਪਣੇ ਮਾਰਗ ਦਰਸ਼ਕ ਪ੍ਰਕਾਸ਼ ਨੂੰ ਵੀ ਖੋ ਦਿੱਤਾ ਹੈ। ਖੇਡ ਮੰਤਰੀ ਨੇ ਐਲਾਨ ਕੀਤਾ ਕਿ ਮੁਹਾਲੀ ਕੌਮਾਂਤਰੀ ਹਾਕੀ ਸਟੇਡੀਅਮ ਦਾ ਨਾਂਅ ਬਲਬੀਰ ਸਿੰਘ ਸੀਨੀਅਰ ਦੇ ਨਾਂਅ ‘ਤੇ ਰੱਖਿਆ ਜਾਵੇਗਾ, ਜਿਸ ਦਾ ਰਸਮੀ ਤੌਰ ‘ਤੇ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਰਾਣਾ ਸੋਢੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ।
ਅੰਤਿਮ ਸੰਸਕਾਰ ਮੌਕੇ ਵਿਧਾਇਕ ਤੇ ਓਲੰਪੀਅਨ ਪ੍ਰਗਟ ਸਿੰਘ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ: ਜਗਤ ਰਾਮ, ਪ੍ਰਮੁੱਖ ਸਕੱਤਰ ਹੁਸਨ ਲਾਲ, ਡਾਇਰੈਕਟਰ ਖੇਡਾਂ ਸੰਜੇ ਪੋਪਲੀ, ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਤੇ ਸਕੱਤਰ ਖੇਡਾਂ ਯੂ.ਟੀ. ਕੇ.ਕੇ. ਯਾਦਵ, ਡਾਇਰੈਕਟਰ ਖੇਡਾਂ ਯੂ.ਟੀ. ਤੇਜਵੀਰ ਸੈਣੀ ਤੇ ਵੱਖ-ਵੱਖ ਵਰਗਾਂ ਦੇ ਲੋਕਾਂ ਤੋਂ ਇਲਾਵਾ ਪਰਿਵਾਰਕ ਮੈਂਬਰ, ਦੋਸਤ ਤੇ ਪ੍ਰਸ਼ੰਸਕਾਂ ਨੇ ਇਸ ਹਾਕੀ ਸਟਾਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਉਨ੍ਹਾਂ ਦੇ ਦਿਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ, ਕੌਮਾਂਤਰੀ ਹਾਕੀ ਫੈੱਡਰੇਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ, ਭਾਰਤ ਦੇ ਮਹਾਨ ਅਥਲੀਟ ਮਿਲਖਾ ਸਿੰਘ, ਰਾਜਪਾਲ ਪੰਜਾਬ ਵੀ.ਪੀ. ਸਿੰਘ ਬਦਨੌਰ, ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ, ਵਿਧਾਨ ਸਭਾ ਪੰਜਾਬ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰਨ ਸਿੰਘ ਤੋਂ ਇਲਾਵਾ ਅਦਾਕਾਰ ਅਕਸ਼ੈ ਕੁਮਾਰ, ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸ਼ਤਰੀ, ਕ੍ਰਿਕਟਰ ਵਿਰਾਟ ਕੋਹਲੀ, ਸੁਰੇਸ਼ ਰੈਨਾ, ਗੌਤਮ ਗੰਭੀਰ, ਅਮਿਤ ਮਿਸ਼ਰਾ ਨੇ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਦੇ ਜਾਣ ਨਾਲ ਖੇਡ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਸਾਰਾ ਦੇਸ਼ ਉਨ੍ਹਾਂ ਨਾਲ ਖੜ੍ਹਾ ਹੈ।
ਅਸੀਂ ਆਪਣਾ ਮਾਰਗ ਦਰਸ਼ਕ ਗਵਾ ਲਿਆ : ਹਾਕੀ ਇੰਡੀਆ : ਹਾਕੀ ਇੰਡੀਆ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਆਪਣਾ ਚਮਕਦਾ ਸਿਤਾਰਾ ਤੇ ਮਾਰਗ ਦਰਸ਼ਕ ਗਵਾ ਲਿਆ ਹੈ। ਹਾਕੀ ਇੰਡੀਆ ਦੇ ਮੁਖੀ ਮੁਹੰਮਦ ਮੁਸ਼ਤਾਕ ਅਹਿਮਦ ਨੇ ਕਿਹਾ ਕਿ ਸਾਨੂੰ ਜਦੋਂ ਵੀ ਉਨ੍ਹਾਂ ਦੀ ਸਲਾਹ ਦੀ ਜ਼ਰੂਰਤ ਪਈ, ਉਹ ਹਮੇਸ਼ਾ ਤਿਆਰ ਦਿਖੇ। ਉਨ੍ਹਾਂ ਕਿਹਾ ਕਿ ਹਾਕੀ ਇੰਡੀਆ ‘ਚ ਉਨ੍ਹਾਂ ਦੇ ਦਿਹਾਂਤ ਤੋਂ ਹਰ ਕੋਈ ਦੁਖੀ ਹੈ।
ਉਭਰਦੇ ਖਿਡਾਰੀਆਂ ਲਈ ਪ੍ਰਕਾਸ਼ ਪੁੰਜ ਦਾ ਕੰਮ ਕਰੇਗੀ ਬਲਬੀਰ ਸਿੰਘ ਸੀਨੀਅਰ ਦੀ ਵਿਰਾਸਤ-ਏ.ਐੱਚ.ਐੱਫ. : ਏਸ਼ਿਆਈ ਹਾਕੀ ਫੈੱਡਰੇਸ਼ਨ (ਏ.ਐੱਚ.ਐੱਫ.) ਦੇ ਮੁੱਖ ਕਾਰਜਕਾਰੀ ਤੈਅਬ ਇਕਰਾਮ ਨੇ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਆਪਣੇ ਪਿੱਛੇ ਵਿਰਾਸਤ ਛੱਡ ਗਏ ਹਨ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਇਹ ਉਭਰਦੇ ਖਿਡਾਰੀਆਂ ਲਈ ਪ੍ਰਕਾਸ਼ ਪੁੰਜ ਦਾ ਕੰਮ ਕਰੇਗੀ।
ਕਿਉਂ ਕਿਹਾ ਜਾਂਦਾ ਸੀ ਬਲਬੀਰ ਸਿੰਘ ਸੀਨੀਅਰ : ਬਲਬੀਰ ਸਿੰਘ ਸੀਨੀਅਰ ਦੇ ਸਮੇਂ ਭਾਰਤੀ ਹਾਕੀ ਟੀਮ ‘ਚ ਪੰਜ ਬਲਬੀਰ ਹੋਏ, ਜਿਨ੍ਹਾਂ ‘ਚੋਂ ਚਾਰ ਬਲਬੀਰ ਤਾਂ ਇਕੱਠੇ ਇਕੋ ਵੇਲੇ ਟੀਮ ਵਿਚ ਖੇਡ ਰਹੇ ਸਨ। ਪੰਜ ਬਲਬੀਰਾਂ ‘ਚੋਂ ਚਾਰ ਉਲੰਪੀਅਨ ਬਣੇ ਤੇ ਚਾਰਾਂ ਨੇ ਤਮਗਾ ਜਿੱਤਿਆ। ਉਸ ਸਮੇਂ ਦੇਸ਼ ਦੇ ਸਭ ਤੋਂ ਵੱਡੇ ਟੂਰਨਾਮੈਂਟ ਨਹਿਰੂ ਹਾਕੀ ‘ਚ 9 ਬਲਬੀਰ ਖੇਡ ਰਹੇ ਸਨ ਪਰ ਸਭ ਤੋਂ ਵੱਧ ਪ੍ਰਸਿੱਧੀ ਬਲਬੀਰ ਸਿੰਘ ਦੁਸਾਂਝ ਨੇ ਖੱਟੀ, ਜਿਸ ਕਰਕੇ ਉਨ੍ਹਾਂ ਨੂੰ ਬਲਬੀਰ ਸਿੰਘ ਸੀਨੀਅਰ ਕਿਹਾ ਜਾਣ ਲੱਗਾ। ਉਸ ਸਮੇਂ ਕੌਮੀ ਤੇ ਸੂਬਾ ਪੱਧਰ ‘ਤੇ ਖੇਡਣ ਵਾਲੇ ਬਲਬੀਰਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ ਸੀ।


Share