ਮਹਾਂਮਾਰੀ ਫ਼ੈਲਣ ਦੇ ਮਾਮਲਿਆਂ ‘ਚ ਕਮੀ ਆਉਣ ਬਾਅਦ ਚੀਨ ਨੇ ਲੋਕਾਂ ਨੂੰ ਦਿੱਤੀ ਮਾਸਕ ਤੋਂ ਆਜ਼ਾਦੀ

713
Share

ਬੀਜਿੰਗ, 21 ਅਗਸਤ (ਪੰਜਾਬ ਮੇਲ)- ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਬਿਨਾ ਮਾਸਕ ਘੁੰਮਣ ਦੀ ਆਜ਼ਾਦੀ ਦੇ ਦਿੱਤੀ ਹੈ। ਮਹਾਂਮਾਰੀ ਦਾ 13 ਦਿਨ ਤੋਂ ਇੱਕ ਵੀ ਨਵਾਂ ਮਰੀਜ਼ ਨਾ ਆਉਣ ਕਾਰਨ ਕੋਰੋਨਾ ਵਾਇਰਸ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ। ਦਿਸ਼ਾ-ਨਿਰਦੇਸ਼ਾਂ ਵਿੱਚ ਢਿੱਲ ਦੇ ਬਾਵਜੂਦ ਬੀਜਿੰਗ ਵਿੱਚ ਲੋਕਾਂ ਦਾ ਇੱਕ ਵੱਡਾ ਸਮੂਹ ਮਾਸਕ ਪਾ ਰਿਹਾ ਹੈ। ਕੁਝ ਦਾ ਕਹਿਣਾ ਹੈ ਕਿ ਮਾਸਕ ਪਾਉਣ ਨਾਲ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ, ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਮਾਸਕ ਪਾਉਣ ਦਾ ਸਮਾਜਿਕ ਦਬਾਅ ਵੀ ਹੈ।
ਅਪ੍ਰੈਲ ਵਿੱਚ ਬੀਜਿੰਗ ਮਿਊਂਸੀਪਲ ਸੈਂਟਰਸ ਫਾਰ ਡਿਜੀਜ਼ ਕੰਟਰੋਲ ਵੱਲੋਂ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਲੋਕ ਬਿਨਾਂ ਮਾਸਕ ਦੇ ਘਰੋਂ ਬਾਹਰ ਨਾ ਨਿਕਲਣ। ਜੂਨ ਵਿੱਚ ਮਹਾਂਮਾਰੀ ਮੁੜ ਸ਼ੁਰੂ ਹੋਣ ਤੋਂ ਬਾਅਦ ਇੱਕ ਵਾਰ ਫਿਰ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਸੀ। ਜੌਨਸ ਹੌਪਕਿਨਸ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੁਨੀਆ ਭਰ ਵਿੱਚ ਸ਼ੁੱਕਰਵਾਰ ਸਵੇਰ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 2 ਕਰੋੜ 25 ਲੱਖ 93 ਹਜ਼ਾਰ ਤੋਂ ਟੱਪ ਗਈ, ਜਦਕਿ ਮ੍ਰਿਤਕਾਂ ਦੀ ਗਿਣਤੀ 7 ਲੈੱਖ 92 ਹਜ਼ਾਰ ਤੋਂ ਟੱਪ ਗਈ। ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮਜ਼ ਸਾਇੰਸ ਐਂਡ ਇੰਜੀਨੀਅਰਿੰਗ ਦੇ ਡਾਟਾ ਵਿੱਚ ਦੁਨੀਆ ਦੇ ਸਾਰੇ ਮੁਲਕਾਂ ਵਿੱਚ ਕੋਰੋਨਾ ਮਹਾਂਮਾਰੀ ਦਾ ਅੰਕੜਾ ਦੱਸਿਆ ਗਿਆ ਹੈ। ਸਾਰੇ ਦੇਸ਼ਾਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਅਮਰੀਕਾ ਹੈ, ਜਿੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 55 ਲੱਖ 73 ਹਜ਼ਾਰ 500 ਤੋਂ ਟੱਪ ਗਈ, ਜਦਕਿ ਮ੍ਰਿਤਕਾਂ ਦੀ ਗਿਣਤੀ 1 ਲੱਖ 73 ਹਜ਼ਾਰ ਤੋਂ ਪਾਰ ਹੋ ਗਈ। ਦੂਜੇ ਨੰਬਰ ‘ਤੇ ਬ੍ਰਾਜ਼ੀਲ ਹੈ, ਜਿੱਥੇ ਮਰੀਜ਼ਾਂ ਦੀ ਗਿਣਤੀ 35 ਲੱਖ 900 ਤੋਂ ਜ਼ਿਆਦਾ ਹੈ। ਜਦਕਿ 1 ਲੱਖ 12 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।


Share