ਮਹਾਂਮਾਰੀ ਦੌਰਾਨ ਅਮਰੀਕਾ ’ਚ ਜ਼ਿਆਦਾਤਰ ਬੱਚੇ ਹੋਏ ਮੋਟਾਪੇ ਦਾ ਸ਼ਿਕਾਰ

206
Share

ਫਰਿਜ਼ਨੋ, 18 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਕੀਤੇ ਗਏ ਇੱਕ ਨਵੇਂ ਅਧਿਐਨ ਦੇ ਅਨੁਸਾਰ ਕੋਰੋਨਾ ਮਹਾਂਮਾਰੀ ਦੌਰਾਨ ਜ਼ਿਆਦਾਤਰ ਅਮਰੀਕੀ ਬੱਚੇ ਮੋਟਾਪੇ ਦਾ ਸ਼ਿਕਾਰ ਬਣੇ ਹਨ। ਸਿਹਤ ਮਾਹਿਰਾਂ ਅਨੁਸਾਰ ਬੱਚਿਆਂ ’ਚ ਮੋਟਾਪਾ ਦਹਾਕਿਆਂ ਤੋਂ ਵੱਧਦਾ ਆ ਰਿਹਾ ਹੈ, ਪਰ ਪਿਛਲੇ ਸਾਲ ਇਹ ਵਾਧਾ ਤੇਜ਼ੀ ਨਾਲ ਹੋਇਆ ਹੈ। ਮੋਟਾਪਾ ਜ਼ਿਆਦਾ ਤੇਜ਼ੀ ਨਾਲ ਉਨ੍ਹਾਂ ਬੱਚਿਆਂ ਵਿਚ ਵਧਿਆ ਹੈ, ਜੋ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੋਟੇ ਸਨ। ਸੀ.ਡੀ.ਸੀ. ਦੁਆਰਾ ਵੀਰਵਾਰ ਨੂੰ ਜਾਰੀ ਇੱਕ ਰਿਪੋਰਟ ਅਨੁਸਾਰ ਪਿਛਲੇ ਸਾਲ ਅਗਸਤ ਵਿਚ ਅੰਦਾਜ਼ਨ 22% ਬੱਚੇ ਮੋਟੇ ਸਨ, ਜੋ ਇੱਕ ਸਾਲ ਪਹਿਲਾਂ 19% ਸਨ। ਮਹਾਂਮਾਰੀ ਤੋਂ ਪਹਿਲਾਂ, ਉਹ ਬੱਚੇ ਜੋ ਇੱਕ ਸਾਲ ਵਿੱਚ ਔਸਤਨ 3.4 ਪੌਂਡ ਭਾਰ ਨਾਲ ਵਧ ਰਹੇ ਸਨ, ਦਾ ਵਜ਼ਨ ਮਹਾਂਮਾਰੀ ਦੇ ਦੌਰਾਨ ਵਧ ਕੇ 5.4 ਪੌਂਡ ਹੋ ਗਿਆ। ਜਦਕਿ ਗੰਭੀਰ ਤੌਰ ’ਤੇ ਮੋਟੇ ਬੱਚਿਆਂ ਲਈ, ਸਾਲਾਨਾ ਭਾਰ ਵਧਣ ਦੀ ਉਮੀਦ 8.8 ਪੌਂਡ ਤੋਂ 14.6 ਪੌਂਡ ਹੋ ਗਈ ਹੈ। ਰਿਪੋਰਟ ਅਨੁਸਾਰ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਿਚ ਮੋਟਾਪੇ ਦੀ ਦਰ ਜ਼ਿਆਦਾ ਵਧੀ ਹੈ, ਜੋ ਆਪਣੇ ਮਾਪਿਆਂ ’ਤੇ ਜ਼ਿਆਦਾ ਨਿਰਭਰ ਹਨ। ਇਹ ਰਿਪੋਰਟ 2 ਤੋਂ 19 ਸਾਲ ਦੀ ਉਮਰ ਦੇ 432,000 ਤੋਂ ਵੱਧ ਬੱਚਿਆਂ ਅਤੇ ਕਿਸ਼ੋਰਾਂ ਦੇ ਮੈਡੀਕਲ ਰਿਕਾਰਡਾਂ ਦੀ ਸਮੀਖਿਆ ’ਤੇ ਆਧਾਰਿਤ ਸੀ, ਜਿਨ੍ਹਾਂ ਦੇ ਵਜ਼ਨ ਨੂੰ ਮਹਾਂਮਾਰੀ ਤੋਂ ਪਹਿਲਾਂ ਘੱਟੋ-ਘੱਟ ਦੋ ਵਾਰ ਅਤੇ ਮਹਾਂਮਾਰੀ ਦੇ ਸ਼ੁਰੂ ਵਿਚ ਘੱਟੋ-ਘੱਟ ਇੱਕ ਵਾਰ ਤੋਲਿਆ ਗਿਆ ਸੀ।

Share