ਮਲੌਦ ਤੋਂ ਬੁਟਾਹਰੀ ਪੁਲ ਸੜਕ ਦਾ ਨਾਂ ਸੰਤ ਬਾਬਾ ਮੀਹਾਂ ਸਿੰਘ ਮਾਰਗ ਰੱਖਿਆ: ਵਿਜੈ ਇੰਦਰ ਸਿੰਗਲਾ

135
Share

ਚੰਡੀਗੜ, 29 ਮਈ (ਪੰਜਾਬ ਮੇਲ)- ਲੋਕ ਨਿਰਮਾਣ ਅਤੇ ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਲੌਦ-ਬੁਟਾਹਰੀ ਪੁਲ ਸੜਕ ਦਾ ਨਾਂ ਸੰਤ ਬਾਬਾ ਮੀਹਾਂ ਸਿੰਘ (ਰਿਆੜ ਵਾਲਿਆਂ) ਦੇ ਨਾਂ ‘ਤੇ ਰੱਖਣ ਦਾ ਫੈਸਲਾ ਲਿਆ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਾਇਲ ਤੋਂ ਵਿਧਾਇਕ ਲਖਬੀਰ ਸਿੰਘ ਲੱਖਾ ਦੀ ਅਗਵਾਈ ਵਿਚ ਲੋਕਾਂ ਅਤੇ ਸਥਾਨਕ ਆਗੂਆਂ ਨੇ ਸੰਤ ਬਾਬਾ ਮੀਹਾਂ ਸਿੰਘ ਦੇ ਨਾਂ ‘ਤੇ ਇਸ ਸੜਕ ਦਾ ਨਾਮ ਰੱਖਣ ਲਈ ਸਰਕਾਰ ਨੂੰ ਅਪੀਲ ਕੀਤੀ ਸੀ ਕਿਉਂਕਿ ਸੰਤ ਬਾਬਾ ਮੀਹਾਂ ਸਿੰਘ ਇਕ ਉੱਘੇ ਅਤੇ ਸਤਿਕਾਰਯੋਗ ਧਾਰਮਿਕ ਨੇਤਾ ਹਨ, ਜਿਨਾਂ ਦੀਆਂ ਨਿਰਸਵਾਰਥ ਸੇਵਾਵਾਂ ਕਰਕੇ ਲੋਕਾਂ ਉਹਨਾਂ ਦੇ ਪੈਰੋਕਾਰ ਬਣੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਵਿਧਾਇਕ ਲਖਬੀਰ ਸਿੰਘ ਲੱਖਾ ਦੀ ਰਸਮੀ ਸਿਫਾਰਸ ਤੋਂ ਬਾਅਦ ਉਨਾਂ ਨੇ ਤੁਰੰਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਨੂੰ ਪੂਰੀ ਤਰਜੀਹ ਨਾਲ ਵਿਚਾਰਨ ਲਈ ਨਿਰਦੇਸ ਦਿੱਤੇ ਅਤੇ ਹੁਣ ਇਸ ਸੜਕ ਦਾ ਨਾਂ ਸੰਤ ਬਾਬਾ ਮੀਹਾਂ ਸਿੰਘ ਦੇ ਨਾਂ ‘ਤੇ ਰੱਖਿਆ ਗਿਆ ਹੈ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਸੜਕ ਦਾ ਨਾਂ ਸੰਤ ਬਾਬਾ ਮੀਹਾਂ ਸਿੰਘ ਦੇ ਨਾਂ ‘ਤੇ ਰੱਖਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ ਜਿਸ ਉਪਰੰਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਉਕਤ ਸੜਕ ਉੱਤੇ ਨਵੇਂ ਸਾਈਨ ਬੋਰਡ ਲਗਾਉਣ ਦੀ ਹਦਾਇਤ ਕੀਤੀ ਗਈ ਹੈ। ਉਨਾਂ ਕਿਹਾ ਕਿ 12.64 ਕਿਲੋਮੀਟਰ ਲੰਬੀ ਇਸ ਸੜਕ ਨੂੰ ਚੌੜਾ ਕਰਨ ਦਾ ਕੰਮ ਵੀ ਚੱਲ ਰਿਹਾ ਹੈ ਜੋ ਜਲਦ ਹੀ ਮੁਕੰਮਲ ਹੋ ਜਾਵੇਗਾ। ਉਨਾਂ ਕਿਹਾ ਕਿ ਇਹ ਸੜਕ ਮਲੌਦ ਅਤੇ ਹੋਰਨਾਂ ਪਿੰਡਾਂ ਜਿਵੇਂ ਗੋਸਲ, ਰੋਸੀਆਣਾ ਅਤੇ ਸਿਆੜ ਨੂੰ ਬੀਜਾ-ਪਾਇਲ-ਜਗੇੜਾ ਓ.ਡੀ.ਆਰ.-26 ਸੜਕ ਨਾਲ ਜੋੜਦੀ ਹੈ ਅਤੇ ਸੜਕ ਨੂੰ ਚੌੜਾ ਕਰਨਾ ਖੇਤਰ ਦੇ ਵਸਨੀਕਾਂ ਲਈ ਵੱਡੀ ਰਾਹਤ ਹੋਵੇਗੀ।
ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਵਚਨਬੱਧ ਹੈ। ਉਨਾਂ ਕਿਹਾ, “ਸਾਡੀ ਕੋਸਸਿ ਵੱਖ-ਵੱਖ ਸੇਵਾਵਾਂ ਅਤੇ ਯੋਜਨਾਵਾਂ ਦੀ ਸਮਰੱਥਾ ਨੂੰ ਉਜਾਗਰ ਕਰਨ ਹੈ ਤਾਂ ਜੋ ਸੜਕਾਂ, ਇਮਾਰਤਾਂ ਅਤੇ ਪੁਲਾਂ ਦੀ ਉਸਾਰੀ ਕਰਕੇ ਪੂਰੇ ਸੂਬੇ ਵਿੱਚ ਅਤਿ ਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਜਾ ਸਕੇ।”


Share