ਮਲੇਸ਼ੀਆ ਤੋਂ ਅੰਮ੍ਰਿਤਸਰ ਆ ਰਹੇ 41 ਸਾਲਾ ਨੌਜਵਾਨ ਦੀ ਜਹਾਜ਼ ‘ਚ ਮੌਤ

712

ਅੰਮ੍ਰਿਤਸਰ, 16 ਮਾਰਚ (ਪੰਜਾਬ ਮੇਲ)-  ਏਅਰ ਏਸ਼ੀਆ ਦੀ ਫਲਾਈਟ ਰਾਹੀਂ ਮਲੇਸ਼ੀਆ ਤੋਂ ਅੰਮ੍ਰਿਤਸਰ ਆ ਰਹੇ ਨੌਜਵਾਨ ਦੀ ਜਹਾਜ਼ ‘ਚ ਮੌਤ ਹੋ ਗਈ। ਉਸ ਦੀ ਪਛਾਣ 41 ਸਾਲਾ ਹੁਕਮ ਸਿੰਘ ਦੇ ਰੂਪ ਵਿਚ ਹੋਈ। ਉਹ ਅੰਮ੍ਰਿਤਸਰ ਦੇ ਮਹਿਤਾ ਦੇ ਕੋਲ ਪਿੰਡ ਗੰਡੇ ਦਾ ਰਹਿਣ ਵਾਲਾ ਸੀ ਤੇ ਉਹ ਚਾਰ ਮਹੀਨੇ ਪਹਿਲਾਂ ਹੀ ਮਲੇਸ਼ੀਆ ਗਿਆ ਸੀ।
ਅੰਮ੍ਰਿਤਸਰ ਏਅਰਪੋਰਟ ਦੇ ਅਧਿਕਾਰੀਆਂ ਨੇ ਲਾਸ਼ ਪੁਲਿਸ ਦੇ ਹਵਾਲੇ ਕਰ ਦਿੱਤੀ। ਪੁਲਿਸ ਨੇ ਪੋਸਟਮਾਰਟਮ ਕਰਾਉਣ ਲਈ ਲਾਸ਼ ਹਸਪਤਾਲ ਭੇਜੀ। ਉਸ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੇ ਸ਼ੱਕ ਕਾਰਨ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਪੋਸਟਮਾਰਟਮ  ਕਰਨ ਤੋਂ ਨਾਂਹ ਕਰ ਦਿੱਤੀ। ਇਸ ‘ਤੇ ਹਸਪਤਾਲ ਪ੍ਰਸ਼ਾਸਨ ਨੇ ਡਾਕਟਰਾਂ ਨੂੰ ਪਰਸਨਲ ਪ੍ਰੋਟੈਕਸ਼ਨ ਕਿਟ ਦਿੱਤੀ। ਇਸ ਤੋਂ ਬਾਅਦ ਦੇਰ ਸ਼ਾਮ ਉਸ ਦਾ ਪੋਸਟਮਾਰਟਮ ਕੀਤਾ ਗਿਆ। ਹਾਲਾਂਕਿ ਐਸਐਮਓ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਦਸਤਾਵੇਜ਼ ਦੇਰ ਨਾਲ ਭੇਜਣ ਕਾਰਨ ਪੋਸਟਮਾਰਟਮ ਵਿਚ ਦੇਰੀ ਹੋਈ।
ਮ੍ਰਿਤਕ ਦੇ ਭਰਾ ਹਰਪਾਲ ਸਿੰਘ ਦੇ ਅਨੁਸਾਰ ਹੁਕਮ ਪੰਜ ਮਹੀਨੇ ਪਹਿਲਾਂ 23 ਅਕਤੂਬਰ 2019 ਨੂੰ ਮਲੇਸ਼ੀਆ ਵਿਚ ਕੰਮ ਦੀ ਭਾਲ ਵਿਚ ਗਿਆ ਸੀ। ਦੋ ਦਿਨ ਪਹਿਲਾਂ ਉਸ ਨੇ ਫੋਨ ‘ਤੇ ਕਿਹਾ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ। ਉਹ ਵਾਪਸ ਆ ਰਿਹਾ ਹੈ। ਸ਼ਨਿੱਚਰਵਾਰ ਨੂੰ ਉਹ ਅੰਮ੍ਰਿਤਸਰ ਦੇ ਲਈ ਰਵਾਨਾ ਹੋਇਆ ਸੀ। ਰਾਤ ਸਾਢੇ 12 ਵਜੇ ਜਦ ਫਲਾਈਟ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਏਅਰਪੋਰਟ ਤੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਐਤਵਾਰ ਨੂੰ ਪੁਲਿਸ ਨੇ ਸੂਚਨਾ ਦਿੱਤੀ ਕਿ ਉਸ ਦੇ ਭਰਾ ਦੀ ਜਹਾਜ਼ ਵਿਚ ਮੌਤ ਹੋ ਗਈ।