ਮਰੀਜ਼ਾਂ ਦੀ ਮੌਤ ਤੋਂ ਪ੍ਰੇਸ਼ਾਨ ਅਮਰੀਕਾ ਦੀ ਚੋਟੀ ਦੀ ਡਾਕਟਰ ਵੱਲੋਂ ਖੁਦਕੁਸ਼ੀ

982

ਵਾਸ਼ਿੰਗਟਨ, 29 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦਾ ਇਲਾਜ ਕਰ ਰਹੀ ਇਕ ਚੋਟੀ ਦੀ ਡਾਕਟਰ ਨੇ ਖੁਦਕੁਸ਼ੀ ਕਰ ਲਈ ਹੈ। 49 ਸਾਲ ਦੀ ਲੋਰਨਾ ਬ੍ਰੀਨ ਨਿਊਯਾਰਕ ਵਿਚ ਏਲੇਨ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੀ ਮੈਡੀਕਲ ਡਾਇਰੈਕਟਰ ਸੀ। ਕੋਰੋਨਾ ਕਾਰਨ ਮਰੀਜ਼ਾਂ ਦੀ ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਕਾਰਨ ਉਹ ਦੁਖੀ ਅਤੇ ਪਰੇਸ਼ਾਨ ਸੀ। ਲੋਰਨਾ ਨੇ ਪਰਿਵਾਰ ਵਾਲਿਆਂ ਦੇ ਨਾਲ ਵੀ ਆਪਣੀ ਪਰੇਸ਼ਾਨੀ ਸ਼ੇਅਰ ਕੀਤੀ ਸੀ।
ਪੁਲਿਸ ਨੇ ਦੱਸਿਆ ਹੈ ਕਿ ਖੁਦਕੁਸ਼ੀ ਦੀ ਕੋਸ਼ਿਸ਼ ਦੇ ਬਾਅਦ ਐਤਵਾਰ ਨੂੰ ਡਾਕਟਰ ਲੋਰਨਾ ਦੀ ਮੌਤ ਹੋ ਗਈ। ਲੋਰਨਾ ਦੇ ਪਿਤਾ ਫਿਲਿਪ ਬ੍ਰੀਨ ਨੇ ਨਿਊਯਾਰਕ ਟਾਈਮਜ਼ ਨੂੰ ਕਿਹਾ, ”ਉਸ ਨੇ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਕੰਮ ਨੇ ਉਸ ਦੀ ਜਾਨ ਲੈ ਲਈ।” ਲੋਰਨਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੂੰ ਪਹਿਲਾਂ ਤੋਂ ਕੋਈ ਮਾਨਸਿਕ ਸਮੱਸਿਆ ਨਹੀਂ ਸੀ। ਗੌਰਤਲਬ ਹੈ ਕਿ ਅਮਰੀਕਾ ‘ਚ ਕੋਰੋਨਾ ਨਾਲ 60 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਇਨ੍ਹਾਂ ਵਿਚੋਂ 17500 ਤੋਂ ਵਧੇਰੇ ਮੌਤਾਂ ਸਿਰਫ ਨਿਊਯਾਰਕ ਵਿਚ ਹੀ ਹੋਈਆਂ ਹਨ।
ਲੋਰਨਾ ਬ੍ਰੀਨ ਕੰਮ ਦੇ ਦੌਰਾਨ ਖੁਦ ਵੀ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋ ਗਈ ਸੀ ਪਰ ਕਰੀਬ 10 ਦਿਨ ਤੱਕ ਘਰ ਵਿਚ ਰਹਿਣ ਦੇ ਬਾਅਦ ਉਹ ਵਾਪਸ ਕੰਮ ‘ਤੇ ਪਰਤ ਗਈ ਸੀ। ਫਿਰ ਹਸਪਤਾਲ ਨੇ ਦੁਬਾਰਾ ਉਨ੍ਹਾਂ ਨੂੰ ਘਰ ਭੇਜ ਦਿੱਤਾ ਸੀ। ਪਿਤਾ ਨੇ ਕਿਹਾ ਕਿ ਆਖਰੀ ਵਾਰ ਜਦੋਂ ਉਨ੍ਹਾਂ ਦੀ ਬੇਟੀ ਨਾਲ ਗੱਲ ਹੋਈ ਸੀ, ਤਾਂ ਉਸ ਨੇ ਕਿਹਾ ਸੀ ਕਿ ਉਸ ਨੂੰ ਇਕੱਲਤਾ ਮਹਿਸੂਸ ਹੋ ਰਹੀ ਹੈ। ਉਸ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਐਂਬੂਲੈਂਸ ਤੋਂ ਬਾਹਰ ਕੱਢੇ ਜਾਣ ਤੋਂ ਪਹਿਲਾਂ ਹੀ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਰਹੀ ਹੈ।
ਲੋਰਨਾ ਨਿਊਯਾਰਕ ਦੇ ਏਲੇਨ ਹਸਪਤਾਲ ‘ਚ ਡਾਕਟਰ ਵਜੋਂ ਕੰਮ ਕਰਦੀ ਸੀ ਅਤੇ ਇਸ ਹਸਪਤਾਲ ‘ਚ ਦਰਜਨਾਂ ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਡਾਕਟਰ ਲੋਰਨਾ ਦੇ ਪਿਤਾ ਨੇ ਕਿਹਾ ਕਿ ਇਹ ਯਕੀਨੀ ਹੋਣਾ ਚਾਹੀਦਾ ਹੈ ਕਿ ਉਸ ਦੀ ਤਾਰੀਫ ਹੀਰੋ ਦੇ ਤੌਰ ‘ਤੇ ਕੀਤੀ ਜਾਵੇ। ਰਿਪੋਰਟ ਮੁਤਾਬਕ ਲੋਰਨਾ ਸਮਰਪਿਤ ਈਸਾਈ ਸੀ ਅਤੇ ਆਪਣੇ ਪਰਿਵਾਰ ਵਾਲਿਆਂ ਦੇ ਕਾਫੀ ਕਰੀਬ ਸੀ। ਉਨ੍ਹਾਂ ਨੂੰ ਸਾਲਸਾ ਡਾਂਸ ਅਤੇ ਸਕੀਇੰਗ ਬਹੁਤ ਪਸੰਦ ਸੀ। ਉਹ ਹਫਤੇ ਵਿਚ ਇਕ ਵਾਰ ‘ਓਲਡ ਏਜ ਹੋਮ’ ਵਿਚ ਵੀ ਕੰਮ ਕਰਦੀ ਸੀ।