ਮਰਹੂਮ ਜੋਗਿੰਦਰ ਸ਼ਮਸ਼ੇਰ ਦੀ ਸਵੈ ਜੀਵਨੀ ‘ਬੀਤੇ ਦਾ ਸਫ਼ਰ’ ਉੱਪਰ ਵਿਚਾਰ ਚਰਚਾ

136
Share

ਸਰੀ, 22 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)-ਨਾਮਵਰ ਪੰਜਾਬੀ ਸਾਹਿਤਕਾਰ ਸਵ. ਜੋਗਿੰਦਰ ਸ਼ਮਸ਼ੇਰ ਦੀ ਬੇਟੀ ਊਸ਼ਮਾ ਮਘੇੜਾ ਅਤੇ ਪਰਿਵਾਰ ਵੱਲੋਂ ਬੀਤੇ ਦਿਨ ਪੰਜਾਬ ਭਵਨ ਦੇ ਸਹਿਯੋਗ ਨਾਲ ਮਰਹੂਮ ਜੋਗਿੰਦਰ ਸ਼ਮਸ਼ੇਰ ਦੀ ਸਵੈ ਜੀਵਨੀ “ਬੀਤੇ ਦਾ ਸਫ਼ਰ” ਲੋਕ ਅਰਪਣ ਕਰਨ ਅਤੇ ਇਸ ਉੱਪਰ ਵਿਚਾਰ ਕਰਨ ਲਈ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਸਾਧੂ ਸਿੰਘ, ਡਾ. ਸੁਰਿੰਦਰ ਧੰਜਲ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਅਤੇ ਜਰਨੈਲ ਸਿੰਘ ਆਰਟਿਸਟ ਨੇ ਕੀਤੀ।
ਸਮਾਗਮ ਦਾ ਆਗਾਜ਼ ਸਤਵੰਤ ਦੀਪਕ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਸਤਵੰਤ ਦੀਪਕ ਨੇ ਕਿਹਾ ਕਿ ਬੀਤੇ ਦਾ ਸਫਰ ਜੋਗਿੰਦਰ ਸ਼ਮਸ਼ੇਰ ਦੀ ਆਤਮ ਕਥਾ ਹੀ ਨਹੀਂ ਸਗੋਂ ਜੀਵਨ ਦੀਆਂ ਖ਼ੁਸ਼ੀਆਂ, ਗ਼ਮੀਆਂ, ਧੁੱਪਾਂ, ਛਾਵਾਂ, ਮਿੱਠੀਆਂ, ਕੌੜੀਆਂ ਯਾਦਾਂ ਨਾਲ ਓਤਪੋਤ ਸੱਚੇ ਦਿਲੋਂ ਲਿਖਿਆ ਇਕਬਾਲੀਆ ਬਿਆਨ ਹੈ। ਉਨ੍ਹਾਂ ਕਿਹਾ ਕਿ ਜੋਗਿੰਦਰ ਸ਼ਮਸ਼ੇਰ ਨੇ ਇਸ ਵਿਚ ਭਾਰਤ ਦੀ ਜੰਗੇ ਆਜ਼ਾਦੀ ਦਾ ਸਹੀ ਇਤਿਹਾਸ, ਬ੍ਰਿਟਿਸ਼ ਸਾਮਰਾਜ ਦੀਆਂ ਮੱਕਾਰੀਆਂ, ਦੇਸ਼ ਦੀ ਵੰਡ, ਸਿਆਸੀ ਪਾਰਟੀਆਂ ਵਿੱਚ ਦੇ ਕਿਰਦਾਰ ਅਤੇ ਜੋੜ ਤੋੜ, ਮੌਕਾਪ੍ਰਸਤੀ, ਬੇਵਿਸ਼ਵਾਸੀ, ਜਾਤ ਪਾਤ ਦੀ ਹਉਮੈ ਦਾ ਵਰਨਣ ਬੇਬਾਕੀ ਨਾਲ ਕੀਤਾ ਹੈ। ਉਹ ਇੱਕ ਵਿਲੱਖਣ ਤੇ ਨਿਰਵਿਵਾਦ ਸ਼ਖ਼ਸੀਅਤ ਦੇ ਮਾਲਕ ਅਤੇ ਕਲਮ ਦੇ ਧਨੀ ਸਨ।
ਪੁਸਤਕ ਉੱਪਰ ਚਰਚਾ ਕਰਦਿਆਂ ਡਾ. ਸਾਧੂ ਬਿਨਿੰਗ, ਅਜਮੇਰ ਰੋਡੇ, ਸੁਖਵੰਤ ਹੁੰਦਲ, ਮੋਹਨ ਗਿੱਲ, ਬਲਵੀਰ ਸਿੰਘ ਸੰਘੇੜਾ ਅਤੇ ਅਮਰਜੀਤ ਚਾਹਲ ਨੇ ਜੋਗਿੰਦਰ ਸ਼ਮਸ਼ੇਰ ਦੇ ਸਦੀਵੀ ਵਿਛੋੜੇ ਉਪਰੰਤ ਇਸ ਪੁਸਤਕ ਦੀ ਪ੍ਰਕਾਸ਼ਨਾ ਕਰਨ ਲਈ ਉਨ੍ਹਾਂ ਦੀ ਬੇਟੀ ਊਸ਼ਮਾ ਮਘੇੜਾ, ਪਰਿਵਾਰ ਅਤੇ ਸਤਵੰਤ ਦੀਪਕ ਦੇ ਯਤਨਾਂ ਦੀ ਸ਼ਲਾਘਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਇਸ ਪੁਸਤਕ ਵਿੱਚ ਸਿਰਫ਼ ਜੋਗਿੰਦਰ ਸ਼ਮਸ਼ੇਰ ਦੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਹੀ ਜਾਣਕਾਰੀ ਨਹੀਂ ਮਿਲਦੀ ਸਗੋਂ ਇਸ ਵਿੱਚ ਲਗਪਗ ਪਚਾਸੀ ਵਰ੍ਹਿਆਂ ਦਾ ਇਤਿਹਾਸ, ਵਿਰਸਾ ਅਤੇ ਸੱਭਿਆਚਾਰ ਸਾਂਭਿਆ ਹੋਇਆ ਹੈ। ਹਰਜੀਤ ਦੌਧਰੀਆ ਨੇ ਇਸ ਮੌਕੇ ਆਪਣੀ ਪੁਰਾਣੀ ਕਵਿਤਾ, ਜੋ ਉਨ੍ਹਾਂ ਇੰਗਲੈਂਡ ਵਿਖੇ ਜੋਗਿੰਦਰ ਸ਼ਮਸ਼ੇਰ ਦੀ ਪਤਨੀ ਪ੍ਰਕਾਸ਼ ਦੇ ਭੋਗ ਸਮੇਂ ਪੜ੍ਹੀ ਸੀ, ਸੁਣਾ ਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ।
ਆਰਟਿਸਟ ਜਰਨੈਲ ਸਿੰਘ ਨੇ ਕਿਹਾ ਕਿ ਇਹ ਪੁਸਤਕ ਇਕ ਇਤਿਹਾਸਕ ਦਸਤਾਵੇਜ਼ ਹੈ। ਜਰਨੈਲ ਸਿੰਘ ਸੇਖਾ ਨੇ ਜੋਗਿੰਦਰ ਸ਼ਮਸ਼ੇਰ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਉਨ੍ਹਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਜੋਗਿੰਦਰ ਸ਼ਮਸ਼ੇਰ ਬਹੁਤ ਹੀ ਸਬਰ ਤੇ ਸੰਤੋਖ ਵਾਲੇ ਵਿਅਕਤੀ ਸਨ। ਉਹ ਬਹੁਤ ਸਹਿਜ, ਸੰਜੀਦਾ ਤੇ ਘੱਟ ਬੋਲਦੇ ਸਨ। ਡਾ. ਸੁਰਿੰਦਰ ਧੰਜਲ ਨੇ ਜੋਗਿੰਦਰ ਸ਼ਮਸ਼ੇਰ ਨੂੰ ਇੱਕ ਮਹਾਨ ਸਾਹਿਤਕਾਰ ਦੱਸਦਿਆਂ ਕਿਹਾ ਕਿ ਪੰਜਾਬੀ ਸਾਹਿਤ ਵਿਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਡਾ. ਸਾਧੂ ਸਿੰਘ ਨੇ ਜੋਗਿੰਦਰ ਸ਼ਮਸ਼ੇਰ ਵੱਲੋਂ ਸਫਰਨਾਮੇ ਅਤੇ ਇਤਿਹਾਸਕ ਖੇਤਰ ਵਿਚ ਕੀਤੇ ਰਚਨਾਤਮਿਕ ਕਾਰਜ ਦੀ ਪ੍ਰਸੰਸਾ ਕਰਦਿਆਂ ਕਿ ਉਹ ਦਰਵੇਸ਼ ਸਾਹਿਤਕਾਰ ਸਨ। ਉਹ ਦ੍ਰਿੜ ਇਰਾਦਾ ਰਖਦੇ ਸਨ ਅਤੇ ਆਪਣਾ ਸਮਾਜਿਕ ਅਤੇ ਸਾਹਿਤਕ ਜੀਵਨ ਦਾ ਪੈਂਡਾ ਵੀ ਉਨ੍ਹਾਂ ਬਹੁਤ ਹੀ ਆਦਰ ਸਤਿਕਾਰ ਨਾਲ ਤੈਅ ਕੀਤਾ। ਅੰਤ ਵਿਚ ਊਸ਼ਮਾ ਮਘੇੜਾ ਨੇ ਸਭਨਾਂ ਸਾਹਿਤਕਾਰਾਂ, ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਵ. ਜੋਗਿੰਦਰ ਸ਼ਮਸ਼ੇਰ ਦੀ ਤਸਵੀਰ ਪੰਜਾਬ ਭਵਨ ਦੀ ‘ਹਾਲ ਆਫ ਫੇਮ’ ਉੱਪਰ ਸੁਸ਼ੋਭਿਤ ਕੀਤੀ ਗਈ।


Share