ਮਰਸਡ ਤੋਂ ਪੰਜਾਬੀ ਪਰਿਵਾਰ ਦੇ 4 ਮੈਂਬਰ ਨੂੰ ਅਗਵਾ ਕਰਨ ਵਾਲਾ ਗ੍ਰਿਫ਼ਤਾਰ

65
ਪਰਿਵਾਰ ਦੇ ਅਗਵਾ ਹੋਏ ਮੈਂਬਰਾਂ ਦੀ ਤਸਵੀਰ।
Share

– ਅਗਵਾਕਾਰ ਨੇ ਫੜੇ ਜਾਣ ਤੋਂ ਪਹਿਲਾਂ ਕੀਤੀ ਆਪਣੀ ਜਾਨ ਲੈਣ ਦੀ ਕੋਸ਼ਿਸ਼
– ਅਗਵਾ ਹੋਣ ਵਾਲਿਆਂ ’ਚ 8 ਮਹੀਨੇ ਦੀ ਬੱਚੀ ਵੀ ਸ਼ਾਮਲ
ਮਰਸਡ, 5 ਅਕਤੂਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਮਰਸਡ ਸ਼ਹਿਰ ਵਿਖੇ ਇਕ ਪੰਜਾਬੀ ਪਰਿਵਾਰ ਨੂੰ ਅਗਵਾ ਕਰ ਲਿਆ ਗਿਆ, ਜਿਨ੍ਹਾਂ ਵਿਚ 8 ਮਹੀਨੇ ਦੀ ਬੱਚੀ, ਉਸ ਦੀ ਮਾਂ 27 ਸਾਲਾ ਜਸਲੀਨ ਕੌਰ, 36 ਸਾਲਾ ਜਸਦੀਪ ਸਿੰਘ ਤੇ 39 ਸਾਲਾ ਅਮਨਦੀਪ ਸਿੰਘ ਸ਼ਾਮਲ ਸਨ। ਪੁਲਿਸ ਨੇ ਕਾਫੀ ਭੱਜ-ਦੌੜ ਤੋਂ ਬਾਅਦ ਆਖਿਰਕਾਰ ਅਗਵਾਕਾਰ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ।
ਪਰਿਵਾਰ ਦੇ ਅਗਵਾ ਦੇ ਸਬੰਧ ਵਿਚ ਮਰਸਡ ਕਾਊਂਟੀ ਸ਼ੈਰਿਫ ਵੱਲੋਂ ਇਕ 48 ਸਾਲਾ ਵਿਅਕਤੀ ਹਿਰਾਸਤ ਵਿਚ ਲਿਆ ਗਿਆ ਹੈ। ਅਗਵਾਕਾਰ ਨੇ ਫੜੇ ਜਾਣ ਤੋਂ ਪਹਿਲਾਂ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਉਹ ਕਾਫੀ ਜ਼ਖਮੀ ਹਾਲਤ ਵਿਚ ਮਿਲਿਆ ਹੈ। ਸਪੈਨਿਸ਼ ਮੂਲ ਦੇ ਅਲਗਾਡੋ ਨਾਂ ਦੇ ਇਸ ਵਿਅਕਤੀ ਨੂੰ ਗੰਭੀਰ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਗ੍ਰਿਫ਼ਤਾਰ ਅਗਵਾਕਾਰ ਦੀ ਤਸਵੀਰ।

ਮਰਸਡ ਕਾਊਂਟੀ ਸ਼ੈਰਿਫ ਦੇ ਡਿਟੈਕਟਿਵਾਂ ਨੂੰ ਮੰਗਲਵਾਰ ਸਵੇਰੇ ਸੂਚਨਾ ਮਿਲੀ ਕਿ ਅਗਵਾ ਹੋਏ ਵਿਅਕਤੀਆਂ ਵਿਚੋਂ ਇਕ ਦਾ ਕ੍ਰੈਡਿਟ ਕਾਰਡ ਐਟਵਾਟਰ ਸ਼ਹਿਰ ਦੇ ਇਕ ਸਟੋਰ ਵਿਚ ਵਰਤਿਆ ਗਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬੈਂਕ ਟਰਾਂਜ਼ੈਕਸ਼ਨ ਕਰਨ ਵਾਲੇ ਸਥਾਨ ਤੋਂ ਇਸ ਸ਼ਖਸ ਦੀ ਤਸਵੀਰ ਪ੍ਰਾਪਤ ਕਰ ਲਈ ਅਤੇ ਕਾਰਵਾਈ ਕਰਦਿਆਂ ਇਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ ਅਗਵਾ ਹੋਏ ਪਰਿਵਾਰ ਦਾ ਟਰੱਕ ਸੜੀ ਹੋਈ ਹਾਲਤ ਵਿਚ ਬੁਹਾਚ ਰੋਡ ਅਤੇ ਓਕਡੇਲ ਰੋਡ ਦੇ ਨਜ਼ਦੀਕ ਕੈਲੀਫੋਰਨੀਆ ਹਾਈਵੇ ਪੈਟਰੋਲ ਅਧਿਕਾਰੀਆਂ ਨੇ ਬਰਾਮਦ ਕੀਤਾ। ਮਰਸਡ ਪੁਲਿਸ ਵਿਭਾਗ ਵੱਲੋਂ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਸ ਟਰੱਕ ਦਾ ਰਜਿਸਟਰਡ ਮਾਲਕ ਅਮਨਦੀਪ ਸਿੰਘ ਸੀ, ਜੋ ਕਿ ਪਰਿਵਾਰ ਸਮੇਤ ਅਗਵਾ ਹੋਇਆ ਸੀ। ਸ਼ੈਰਿਫ ਦੇ ਜਾਸੂਸਾਂ ਦਾ ਮੰਨਣਾ ਹੈ ਕਿ ਪਰਿਵਾਰ ਦੇ ਮੈਂਬਰਾਂ ਨੂੰ ਦੱਖਣੀ ਹਾਈਵੇ-59 ਦੇ 800 ਬਲਾਕ ਵਿਚ ਬੰਦੂਕ ਦੀ ਨੋਕ ’ਤੇ ਅਗਵਾ ਕੀਤਾ ਗਿਆ ਸੀ। ਇਨ੍ਹਾਂ ਵਿਚ ਇਕ ਔਰਤ 27 ਸਾਲਾ ਜਸਲੀਨ, 8 ਮਹੀਨੇ ਦੀ ਬੱਚੀ ਅਰੂਹੀ ਧੇਰੀ, 36 ਸਾਲਾ ਜਸਦੀਪ ਸਿੰਘ ਤੇ 39 ਸਾਲਾ ਅਮਨਦੀਪ ਸਿੰਘ ਸ਼ਾਮਲ ਸਨ। ਇਹ ਪਰਿਵਾਰ ਪੰਜਾਬ ਦੇ ਟਾਂਡਾ ਦੇ ਹਰਸੀ ਪਿੰਡ ਨਾਲ ਸੰਬੰਧ ਰੱਖਦਾ ਹੈ।


Share