ਮਮਤਾ ਸਰਕਾਰ ਸਿੱਖ ਸੁਰੱਖਿਆ ਗਾਰਡ ਨੂੰ ਰਿਹਾਅ ਕਰਨ ਲਈ ਹੋਈ ਰਾਜ਼ੀ

659
Share

ਕੋਲਕਾਤਾ, 17 ਅਕਤੂਬਰ (ਪੰਜਾਬ ਮੇਲ)-  ਆਖ਼ਰਕਾਰ 9 ਦਿਨਾਂ ਦੇ ਸੰਘਰਸ਼ ਤੋਂ ਬਾਅਦ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਭਾਜਪਾ ਦੇ ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਕੀਤੇ ਸਿੱਖ ਸੁਰੱਖਿਆ ਗਾਰਡ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਅਤੇ ਉਸ ਖ਼ਿਲਾਫ਼ ਦਰਜ ਸਾਰੇ ਕੇਸ ਖ਼ਾਰਜ ਕਰਨ ਲਈ ਸਹਿਮਤ ਹੋ ਗਈ ਹੈ। ਬਲਵਿੰਦਰ ‘ਤੇ ਗ਼ੈਰ-ਕਾਨੂੰਨੀ ਢੰਗ ਨਾਲ ਪਿਸਤੌਲ ਰੱਖਣ ਦਾ ਦੋਸ਼ ਸੀ। ਦੱਸ ਦੇਈਏ ਕਿ ਬਲਵਿੰਦਰ ਦੀ ਪਤਨੀ ਕਰਮਜੀਤ ਕੌਰ ਨੇ ਆਪਣੇ ਪੁੱਤਰ ਹਰਸ਼ਵੀਰ ਸਿੰਘ ਨਾਲ ਮਿਲ ਕੇ ਮੁੱਖ ਮੰਤਰੀ ਦਫ਼ਤਰ ਦੇ ਸਾਹਮਣੇ ਸ਼ਨਿੱਚਰਵਾਰ ਨੂੰ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਸੀ। ਉਹ ਮੁੱਖ ਮੰਤਰੀ ਨੂੰ ਮੰਗ ਕਰ ਰਹੀ ਸੀ ਕਿ ਉਸ ਦੇ ਪਤੀ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ। ਦੱਸਿਆ ਜਾ ਰਿਹਾ ਹੈ ਕਿ ਸਿੱਖ ਭਾਈਚਾਰੇ ਨੇ ਮਮਤਾ ਸਰਕਾਰ ਨੂੰ ਦੱਸਿਆ ਸੀ ਕਿ ਬਲਵਿੰਦਰ ਸਿੰਘ ਦੋਸ਼ੀ ਨਹੀਂ ਹੈ। ਉਸ ਦੇ ਹਥਿਆਰ ਦਾ ਲਾਇਸੈਂਸ ਵੀ ਆਲ ਇੰਡੀਆ ਦਾ ਹੈ ਅਤੇ ਉਹ ਸਾਬਕਾ ਫ਼ੌਜੀ ਹੈ, ਜਿਸ ਨੇ 20 ਸਾਲ ਦੇਸ਼ ਦੀ ਸੇਵਾ ਕੀਤੀ ਹੈ। ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੇ ਸਬੰਧਤ ਅਧਿਕਾਰੀਆਂ ਨੂੰ ਦਸਤਾਵੇਜ਼ ਵੀ ਦਿਖਾਏ ਅਤੇ ਗ਼ਲਤਫਹਿਮੀ ਦੂਰ ਕੀਤੀ। ਇਸ ਤੋਂ ਬਾਅਦ ਮਮਤਾ ਸਰਕਾਰ ਨੇ ਬਲਵਿੰਦਰ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ। ਨਾਲ ਹੀ ਇਹ ਭਰੋਸਾ ਵੀ ਦਿੱਤਾ ਕਿ ਉਸ ਵਿਰੁੱਧ ਦਰਜ ਕੀਤੇ ਗਏ ਸਾਰੇ ਕੇਸ ਵੀ ਵਾਪਸ ਲੈ ਲਏ ਜਾਣਗੇ।

Share