ਮਮਤਾ ਬੈਨਰਜੀ ਵੱਲੋਂ ਕੂਚ ਬਿਹਾਰ ’ਚ ਹੋਈ ਗੋਲੀਬਾਰੀ ਦੀ ਘਟਨਾ ‘ਨਸਲਕੁਸ਼ੀ’ ਕਰਾਰ

83
Share

ਸਿਲੀਗੁੜੀ, 11 ਅਪ੍ਰੈਲ (ਪੰਜਾਬ ਮੇਲ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੂਚ ਬਿਹਾਰ ’ਚ ਹੋਈ ਗੋਲੀਬਾਰੀ ਦੀ ਘਟਨਾ ਨੂੰ ‘‘ਨਸਲਕੁਸ਼ੀ’’ ਕਰਾਰ ਦਿੰਦਿਆਂ ਕਿਹਾ ਕਿ ਚੋਣ ਕਮਿਸ਼ਨ ਨੇ ਜ਼ਿਲ੍ਹੇ ਵਿਚ ਨੇਤਾਵਾਂ ਦੇ ਦਾਖਲੇ ’ਤੇ 72 ਘੰਟਿਆਂ ਲਈ ਪਾਬੰਦੀ ਲਗਾ ਦਿੱਤੀ ਹੈ, ਕਿਉਂਕਿ ਉਹ ਚਾਹੁੰਦੇ ਹਨ ਕਿ ‘‘ਤੱਥਾਂ ਨੂੰ ਦਬਾ ਦਿੱਤਾ ਜਾਵੇ।’’ ਤਿ੍ਰਣਮੂਲ ਮੁਖੀ ਨੇ ਇਥੇ ਪ੍ਰੈਸ ਕਾਨਫਰੰਸ ’ਚ ਦੋਸ਼ ਲਾਇਆ ਕਿ ਕੇਂਦਰੀ ਬਲਾਂ ਨੇ ਰਾਜ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਦੌਰਾਨ ਸੀਤਲਕੁਚੀ ਖੇਤਰ ਵਿਚ ਲੋਕਾਂ ਦੇ ‘‘ਧੜਿਆਂ’’ ’ਤੇ ਗੋਲੀਆਂ ਚਲਾਈਆਂ। ਬੈਨਰਜੀ ਨੇ ਕਿਹਾ, ‘‘ਸੀਤਲਕੁਚੀ ਵਿਚ ਨਸਲਕੁਸ਼ੀ ਹੋਈ। ਮੈਂ 14 ਅਪ੍ਰੈਲ ਤੱਕ ਸੀਤਲਕੁਚੀ ਜਾਣਾ ਚਾਹੁੰਦੀ ਹਾਂ। ਕੂਚ ਬਿਹਾਰ ’ਚ ਦਾਖਲ ਹੋਣ ਦੀ ਮਨਾਹੀ ਕਰਕੇ ਕਮਿਸ਼ਨ ਤੱਥਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਡੇ ਕੋਲ ਅਯੋਗ ਗ੍ਰਹਿ ਮੰਤਰੀ ਅਤੇ ਅਯੋਗ ਕੇਂਦਰ ਸਰਕਾਰ ਹੈ।’’ ਪੁਲਿਸ ਨੇ ਕਿਹਾ ਸੀ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਨੇ ਸ਼ਨਿਚਰਵਾਰ ਨੂੰ ਸਥਾਨਕ ਕੂਚ ਬਿਹਾਰ ਜ਼ਿਲ੍ਹੇ ਵਿਚ ਕਥਿਤ ਤੌਰ ’ਤੇ ਗੋਲੀਬਾਰੀ ਕੀਤੀ, ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਕਿਹਾ ਜਾ ਰਿਹਾ ਹੈ ਕਿ ਸਥਾਨਕ ਲੋਕਾਂ ਨੇ ਸੀ.ਆਈ.ਐੱਸ.ਐੱਫ. ਦੇ ਜਵਾਨਾਂ ਦੀਆਂ ‘‘ਰਾਈਫਲਾਂ ਖੋਹਣ ਦੀ ਕੋਸ਼ਿਸ਼ ਕੀਤੀ।’’ ਬੈਨਰਜੀ ਨੇ ਦੋਸ਼ ਲਗਾਇਆ, ‘‘ਸੀ.ਆਈ.ਐੱਸ.ਐੱਫ. ਨਹੀਂ ਜਾਣਦੀ ਕਿ ਹਾਲਤਾਂ ਨਾਲ ਕਿਵੇਂ ਨਜਿੱਠਿਆ ਜਾਵੇ।’’ ਮੈਂ ਚੋਣਾਂ ਦੇ ਪਹਿਲੇ ਪੜਾਅ ਤੋਂ ਹੀ ਕਹਿੰਦੀ ਆ ਰਹੀ ਹਾਂ ਕਿ ਕੇਂਦਰੀ ਬਲਾਂ ਦਾ ਇਕ ਹਿੱਸਾ ਲੋਕਾਂ ’ਤੇ ਤਸ਼ੱਦਦ ਕਰ ਰਿਹਾ ਹੈ। ਮੈਂ ਨੰਦੀਗ੍ਰਾਮ ਵਿਚ ਵੀ ਇਹ ਮਸਲਾ ਚੁੱਕਿਆ ਸੀ ਪਰ ਮੇਰੇ ਗੱਲ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ।’

Share