ਮਮਤਾ ਬੈਨਰਜੀ ਬੰਗਾਲ ਚੋਣਾਂ ਤੋਂ ਬਾਅਦ ਰਾਸ਼ਟਰੀ ਆਗੂ ਵਜੋਂ ਉੱਭਰੀ

236
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444
ਭਾਰਤ ਦੀਆਂ ਪੰਜ ਸਟੇਟਾਂ ’ਚ ਅਸੈਂਬਲੀ ਚੋਣਾਂ ਨਿਬੜ ਗਈਆਂ ਹਨ ਅਤੇ ਨਤੀਜੇ ਸਾਹਮਣੇ ਆ ਗਏ ਹਨ। ਇਨ੍ਹਾਂ ਚੋਣਾਂ ਵਿਚ ਲੋਕਾਂ ਦੀ ਨਿਗ੍ਹਾ ਮੁੱਖ ਤੌਰ ’ਤੇ ਬੰਗਾਲ ਉਪਰ ਲੱਗੀ ਹੋਈ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਆਪਣੀ ਪਾਰਟੀ ਤਿ੍ਰਣਮੂਲ ਕਾਂਗਰਸ ਨੂੰ ਜਿਤ ਦਿਵਾ ਕੇ ਸਰਕਾਰ ਬਣਾ ਲਈ ਹੈ। ਇਸ ਦੇ ਨਾਲ ਆਸਾਮ ’ਚ ਭਾਜਪਾ ਦਾ ਕਮਲ ਮੁੜ ਖਿੜਿਆ ਹੈ। ਪੁੱਡੂਚੇਰੀ ’ਚ ਏ.ਆਈ.ਐੱਨ.ਆਰ.ਸੀ. ਦੀ ਅਗਵਾਈ ਹੇਠ ਭਾਜਪਾ ਸੱਤਾ ਵੱਲ ਵਧਿਆ ਹੈ। ਕੇਰਲ ’ਚ ਪਹਿਲਾਂ ਤੋਂ ਕਾਬਜ਼ ਐੱਲ.ਡੀ.ਐੱਫ. ਨੇ ਇਕ ਵਾਰ ਫਿਰ ਸੱਤਾ ਹਾਸਲ ਕੀਤੀ ਹੈ। ਤਾਮਿਲਨਾਡੂ ’ਚ ਡੀ.ਐੱਮ.ਕੇ. ਨੇ ਕਾਬਜ਼ ਧਿਰ ਏ.ਆਈ.ਏ.ਡੀ.ਐੱਮ.ਕੇ. ਨੂੰ ਲਾਂਭੇ ਕਰਕੇ ਸੱਤਾ ਹਾਸਲ ਕਰ ਲਈ ਹੈ।
ਭਾਵੇਂ ਕਿ ਆਸਾਮ, ਕੇਰਲਾ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਵਿਖੇ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ। ਪਰ ਵਿਸ਼ਵ ਭਰ ਵਿਚ ਵਸਦੇ ਹਿੰਦੁਸਤਾਨੀਆਂ ਦੀ ਨਿਗ੍ਹਾ ਪੱਛਮੀ ਬੰਗਾਲ ’ਤੇ ਲੱਗੀ ਹੋਈ ਸੀ। ਭਾਰਤੀ ਜਨਤਾ ਪਾਰਟੀ ਨੇ ਵੀ ਪੂਰਾ ਧਿਆਨ ਪੱਛਮੀ ਬੰਗਾਲ ਦੀਆਂ ਚੋਣਾਂ ’ਤੇ ਹੀ ਕੇਂਦਰਿਤ ਕੀਤਾ ਹੋਇਆ ਸੀ। ਭਾਵੇਂ ਪਿਛਲੀਆਂ ਅਸੈਂਬਲੀ ਚੋਣਾਂ ਵਿਚ ਭਾਜਪਾ ਦੇ ਸਿਰਫ 3 ਐੱਮ.ਐੱਲ.ਏ. ਹੀ ਜਿੱਤ ਹਾਸਲ ਕਰ ਸਕੇ ਸਨ। ਪਰ ਇਸ ਵਾਰ ਉਸ ਨੇ ਸੀ.ਪੀ.ਆਈ. ਨੂੰ ਖਤਮ ਕਰਕੇ ਆਪਣੇ ਵੋਟ ਬੈਂਕ ਵਿਚ ਵਾਧਾ ਕੀਤਾ ਅਤੇ ਕੁੱਲ ਮਿਲਾ ਕੇ 77 ਸੀਟਾਂ ਲਿਜਾਣ ਵਿਚ ਕਾਮਯਾਬੀ ਹਾਸਲ ਕੀਤੀ। ਭਾਜਪਾ ਚੋਣਾਂ ਦੇ ਸ਼ੁਰੂਆਤੀ ਦੌਰ ਤੋਂ ਹੀ ਇਹ ਦਾਅਵਾ ਕਰਨ ਲੱਗ ਪਈ ਸੀ ਕਿ ਉਹ ਇਸ ਵਾਰ ਇਥੇ ਆਪਣੀ ਸਰਕਾਰ ਬਣਾਏਗੀ। ਪਰ ਉਸ ਦਾ ਹਿੰਦੂ ਪੱਤਾ ਇਥੇ ਕਾਮਯਾਬ ਨਹੀਂ ਹੋ ਸਕਿਆ। ਪਰ ਫਿਰ ਵੀ ਉਹ ਇਥੇ ਆਪਣਾ ਵੋਟ ਬੈਂਕ ਵਧਾਉਣ ’ਚ ਕਾਮਯਾਬ ਰਹੇ ਅਤੇ ਆਪਣੀਆਂ ਸੀਟਾਂ ’ਚ ਕਾਫੀ ਵਾਧਾ ਕੀਤਾ।
ਪੱਛਮੀ ਬੰਗਾਲ ਵਿਚ ਮੁਸਲਿਮ ਵਸੋਂ 30 ਫੀਸਦੀ ਹੈ, ਜਿਸ ’ਤੇ ਮਮਤਾ ਬੈਨਰਜੀ ਨੇ ਆਪਣੀ ਮਜ਼ਬੂਤ ਪਕੜ ਬਣਾਈ ਰੱਖੀ। ਇਸ ਦੇ ਨਾਲ-ਨਾਲ ਸੂਬੇ ਦੀਆਂ ਘੱਟ ਗਿਣਤੀਆਂ ਦੀਆਂ ਵੋਟਾਂ ਅਤੇ ਔਰਤਾਂ ਦੀਆਂ ਵੋਟਾਂ ਤਿ੍ਰਣਮੂਲ ਕਾਂਗਰਸ ਵੱਲ ਹੀ ਭੁਗਤੀਆਂ।¿;
ਦਿੱਲੀ ਦੇ ਬਾਰਡਰਾਂ ’ਤੇ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਜਿਨ੍ਹਾਂ ਦੀ ਅਗਵਾਈ 32 ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ। ਇਨ੍ਹਾਂ ਜਥੇਬੰਦੀਆਂ ਵੱਲੋਂ ਪੱਛਮੀ ਬੰਗਾਲ ਦੀਆਂ ਚੋਣਾਂ ’ਚ ਭਾਜਪਾ ਵਿਰੁੱਧ ਪ੍ਰਚਾਰ ਕੀਤਾ ਗਿਆ। ਇਨ੍ਹਾਂ ਦੇ ਆਗੂਆਂ ਨੇ ਖਾਸਕਰ ਬੰਗਾਲ ਵਿਚ ਖੁਦ ਜਾ ਕੇ ਵੋਟਰਾਂ ਨੂੰ ਕਿਸਾਨਾਂ ਦੇ ਖਿਲਾਫ ਬਣੇ ਗਲਤ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਭਾਜਪਾ ਦੀ ਹਮਾਇਤ ਨਾ ਕਰਨ ਦੀ ਅਪੀਲ ਕੀਤੀ। ਜਿਸ ਦਾ ਅਸਰ ਹੁਣ ਸਾਹਮਣੇ ਆ ਗਿਆ ਹੈ। ਜੇ ਕਿਹਾ ਜਾਵੇ ਕਿ ਬੰਗਾਲ ਦੀਆਂ ਚੋਣਾਂ ਕਿਸਾਨਾਂ ਲਈ ਇਕ ਆਕਸੀਜਨ ਬਣ ਕੇ ਸਾਹਮਣੇ ਆਈਆਂ ਹਨ, ਤਾਂ ਗਲਤ ਨਹੀਂ ਹੋਵੇਗਾ। ਇਨ੍ਹਾਂ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਹਿੰਦੋਸਤਾਨ ਵਿਚ ਆਪਣੀ ਮਨਮਰਜ਼ੀ ਕਰਨ ’ਤੇ ਤੁਲੀ ਹੋਈ ਸੀ। ਬਿਨਾਂ ਆਪਣੇ ਦੇਸ਼ ਦੇ ਨਾਗਰਿਕਾਂ ਦੀ ਪ੍ਰਵਾਹ ਕੀਤੇ ਉਨ੍ਹਾਂ ’ਤੇ ਆਪਣੀ ਮਰਜ਼ੀ ਦੇ ਕਾਨੂੰਨ ਥੋਪਦੇ ਰਹੀ। ਬਹੁਤ ਸਾਰੇ ਮੁਜ਼ਾਹਰੇ ਪਿਛਲੇ ਸਮੇਂ ਦੌਰਾਨ ਹੁੰਦੇ ਰਹੇ। ਪਰ ਹਰ ਵਾਰ ਮੋਦੀ ਸਰਕਾਰ ਹੀ ਬਾਜ਼ੀ ਮਾਰਦੀ ਰਹੀ। ਚਾਹੇ ਉਹ ਨੋਟਬੰਦੀ ਸੀ, ਚਾਹੇ ਐੱਨ.ਆਰ.ਸੀ., ਚਾਹੇ ਜੀ.ਐੱਸ.ਟੀ. ਨੂੰ ਲਾਗੂ ਕਰਨਾ, ਚਾਹੇ ਕਸ਼ਮੀਰ ਤੋਂ 370 ਧਾਰਾ ਨੂੰ ਖਤਮ ਕਰਨਾ, ਸਮੇਤ 15 ਕੇ ਕਰੀਬ ਅਜਿਹੇ ਬਿੱਲ ਬਣਾਏ, ਜਿਸ ਨੂੰ ਉਸ ਨੇ ਜ਼ਬਰਦਸਤੀ ਲੋਕਾਂ ’ਤੇ ਥੋਪਿਆ। ਇਸੇ ਤਰੀਕੇ ਨਾਲ ਹੁਣ ਕਿਸਾਨਾਂ ਨਾਲ ਸੰਬੰਧਤ ਬਿੱਲ ਵੀ ਕਾਫੀ ਚਰਚਾ ਵਿਚ ਹਨ, ਜਿਸ ਦਾ ਬਦਲਾ ਕਿਸਾਨਾਂ ਨੇ ਇਨ੍ਹਾਂ ਚੋਣਾਂ ਵਿਚ ਭਾਜਪਾ ਖਿਲਾਫ ਭੁਗਤ ਕੇ ਲਿਆ।
ਗੋਦੀ ਮੀਡੀਆ ਚੋਣਾਂ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਭਾਜਪਾ ਨੂੰ ਬੰਗਾਲ ਦੇ ਜੇਤੂ ਦਰਸਾਉਦੇ ਰਹੇ। ਸਰਕਾਰੀ ਸ਼ਹਿ ਪ੍ਰਾਪਤ ਮੀਡੀਆ ਸ਼ੁਰੂ ਤੋਂ ਹੀ ਇਹ ਕਹਿੰਦਾ ਰਿਹਾ ਕਿ ਇੱਥੋਂ ਭਾਜਪਾ ਭਾਰੀ ਅੰਤਰ ਨਾਲ ਜਿੱਤੇਗੀ। ਇਥੋਂ ਤੱਕ ਕਿ ਉਹ ਐਗਜ਼ਿਟ ਪੋਲ ਦੌਰਾਨ ਵੀ ਭਾਜਪਾ ਨੂੰ ਇੱਥੋਂ ਸੱਤਾ ਪ੍ਰਾਪਤੀ ਦੀ ਦੌੜ ਵੱਲ ਵਧਦਿਆਂ ਦਿਖਾਉਦੀ ਰਹੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਿਹਾਰ ਚੋਣਾਂ ਦੌਰਾਨ ਵੀ ਗੋਦੀ ਮੀਡੀਏ ਦੇ ਐਗਜ਼ਿਟ ਪੋਲ ਗਲਤ ਸਾਬਤ ਹੋਏ ਸਨ। ਉਥੇ ਵੀ ਨਿਤਿਸ਼ ਕੁਮਾਰ ਦੇ ਖਿਲਾਫ ਇਸੇ ਤਰ੍ਹਾਂ ਦੀ ਸਰਕਾਰ ਵਿਰੋਧੀ ਭਾਵਨਾ ਦਿਖਾਈ ਜਾ ਰਹੀ ਸੀ। ਇਸੇ ਤਰ੍ਹਾਂ ਬੰਗਾਲ ਵਿਚ ਇਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ। ਗਿਣਤੀ ਵਾਲੇ ਦਿਨ ਵੀ ਇਲੈਕਟ੍ਰਾਨਿਕ ਮੀਡੀਏ ਤੇ ਗੋਦੀ ਮੀਡੀਏ ਵਾਲੇ ਭਾਜਪਾ ਨੂੰ ਹੀ ਜੇਤੂ ਐਲਾਨ ਰਹੇ ਸਨ। ਪਰ ਹੋਇਆ ਇਸ ਦੇ ਉਲਟ। ਈ.ਵੀ.ਐੱਮ. ਮਸ਼ੀਨਾਂ ਨੇ ਗੋਦੀ ਮੀਡੀਆ ਨੂੰ ਝਟਕਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਭਾਵੇਂ ਕਿ ਭਾਜਪਾ ਨੇ ਇਥੋਂ ਸੱਤਾ ਹਾਸਲ ਨਹੀਂ ਕੀਤੀ, ਪਰ ਫਿਰ ਵੀ ਉਹ ਹੁਣ ਪਿਛਲੀਆਂ ਚੋਣਾਂ ਦੌਰਾਨ ਹਾਸਲ ਕੀਤੀਆਂ ਸੀਟਾਂ ਤੋਂ ਕਿਤੇ ਵਧ ਸੀਟਾਂ ਲਿਜਾਣ ਨੂੰ ਹੀ ਆਪਣੀ ਜਿੱਤ ਦੱਸ ਰਹੀ ਹੈ।
ਇਨ੍ਹਾਂ ਚੋਣਾਂ ਦੌਰਾਨ ਭਾਜਪਾ ਦੀ ਤਿਕੜੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਅਦਿੱਤਿਆਨਾਥ ਯੋਗੀ ਦੇ ਤਿੱਖੇ ਅਤੇ ਭੜਕਾਊ ਪ੍ਰਚਾਰ ਨੇ ਇਕ ਵਾਰੀ ਤਾਂ ਬੰਗਾਲ ਵਿਚ ਹਨੇਰੀ ਲਿਆ ਦਿੱਤੀ ਸੀ। ਆਮ ਲੋਕਾਂ ਵਿਚ ਇਸ ਨੂੰ ਦੇਖਦਿਆਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਗਿਆ ਸੀ ਕਿ ਦੀਦੀ ਇਹ ਚੋਣਾਂ ਜਿੱਤ ਸਕੇਗੀ।
ਭਾਜਪਾ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਨੂੰ ਆਪਣੀ ਇੱਜ਼ਤ ਦਾ ਸਵਾਲ ਬਣਾਇਆ ਹੋਇਆ ਸੀ। ਇਸ ਦੀ ਤਿੱਕੜੀ ਨੇ ਇਥੇ ਕਈ ਦੌਰੇ ਕੀਤੇ। ਮਮਤਾ ਅਤੇ ਤਿ੍ਰਣਮੂਲ ਕਾਂਗਰਸ ’ਤੇ ਤਾਬੜਤੋੜ ਹਮਲੇ ਕਰਦੇ ਰਹੇ। ਤਿ੍ਰਣਮੂਲ ਕਾਂਗਰਸ ਦੇ ਕਈ ਆਗੂਆਂ ਨੂੰ ਅਹੁਦਿਆਂ ਅਤੇ ਹੋਰ ਲਾਲਚਾਂ ਨਾਲ ਪਾਰਟੀ ਤੋਂ ਤੋੜਿਆ ਗਿਆ ਅਤੇ ਭਾਜਪਾ ਨੇ ਇਨ੍ਹਾਂ ਦੇ ਬਹੁਤ ਸਾਰੇ ਲੀਡਰ ਆਪਣੀ ਝੋਲੀ ਵਿਚ ਪੁਆ ਲਏ। ਉਸ ਸਮੇਂ ਜਨਤਾ ਵਿਚ ਇਹ ਪ੍ਰਭਾਵ ਜਾ ਰਿਹਾ ਸੀ ਕਿ ਤਿ੍ਰਣਮੂਲ ਕਾਂਗਰਸ ਚੋਣਾਂ ਤੋਂ ਪਹਿਲਾਂ ਹੀ ਟੁਕੜੇ-ਟੁਕੜੇ ਹੋ ਜਾਵੇਗੀ। ਪਰ ਇਨ੍ਹਾਂ ਚੋਣਾਂ ’ਚ ਤਿ੍ਰਣਮੂਲ ਕਾਂਗਰਸ ਨੂੰ ਮਿਲੇ ਫਤਵੇ ਨੇ ਸਾਰੀਆਂ ਕਿਆਸ ਅਰਾਈਆਂ ਰੱਦ ਕਰ ਦਿੱਤੀਆਂ।
ਮਮਤਾ ਬੈਨਰਜੀ ਇਕ ਸੁਲਝੀ ਹੋਈ ਸਿਆਸਤਦਾਨ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਰਸਤੇ ਆਪ ਬਣਾ ਕੇ ਸ਼ਿੱਦਤ ਨਾਲ ਸਿਆਸਤ ਕਰ ਰਹੀ ਹੈ। ਸਾਦਾ ਜੀਵਨ ਅਤੇ ਸਾਦਾ ਪਹਿਰਾਵਾ ਉਸ ਦੀ ਸ਼ਖਸੀਅਤ ਨੂੰ ਵਧਾਉਦਾ ਹੈ। ਭਾਵੇਂ ਉਹ ਪਿਛਲੇ ਲੰਮੇ ਸਮੇਂ ਤੋਂ ਸਿਆਸਤ ਵਿਚ ਸਰਗਰਮ ਹੈ, ਵੱਡੀਆਂ-ਵੱਡੀਆਂ ਚੋਣਾਂ ਉਸ ਨੇ ਜਿੱਤੀਆਂ ਹਨ। ਪਰ ਉਹ ਸਰਕਾਰ ਵੱਲੋਂ ਬਣਦੀ ਆਪਣੀ ਪੈਨਸ਼ਨ ਨੂੰ ਵੀ ਨਹੀਂ ਲੈਂਦੀ। ਇਕ ਪਾਸੇ ਭਾਰਤ ਦੀ ਸਭ ਤੋਂ ਅਮੀਰ ਪਾਰਟੀ ਅਤੇ ਦੂਜੇ ਪਾਸੇ ਇਕ ਸਾਧਾਰਨ ਔਰਤ ਚੋਣ ਮੈਦਾਨ ਵਿਚ ਸਨ। ਬੰਗਾਲ ਦੇ ਵੋਟਰਾਂ ਨੇ ਪਿਛਲੇ ਸਮੇਂ ਦੌਰਾਨ ਮੋਦੀ ਵਜ਼ਾਰਤ ਵੱਲੋਂ ਭਾਰਤ ਸਰਕਾਰ ਵਿਚ ਕੀਤੀਆਂ ਗਈਆਂ ਗਲਤੀਆਂ ਦਾ ਜਵਾਬ ਉਸ ਦੇ ਖਿਲਾਫ ਵੋਟਾਂ ਭੁਗਤ ਕੇ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਇਨ੍ਹਾਂ ਚੋਣਾਂ ਤੋਂ ਬਾਅਦ ਘਟਿਆ ਹੈ। ਬੰਗਾਲ ਦੇ ਵੋਟਰ ਨੇ ਭਾਜਪਾ ਦੇ ਘੁਮੰਡ ਭਰੇ ਪ੍ਰਚਾਰ ਅਤੇ ਕਦੇ ਨਾ ਹਾਰਨ ਵਾਲੇ ਅਕਸ ਨੂੰ ਵੱਡਾ ਨੁਕਸਾਨ ਪਹੁੰਚਾਉਣ ’ਚ ਸਫਲਤਾ ਹਾਸਲ ਕੀਤੀ ਹੈ। ਮਮਤਾ ਬੈਨਰਜੀ ਦੀ ਇਹ ਸਫਲਤਾ ਜਮਹੂਰੀ ਤਾਕਤਾਂ ਨੂੰ ਸ਼ਕਤੀ ਪ੍ਰਦਾਨ ਕਰੇਗੀ ਅਤੇ ਭਾਜਪਾ ਦੀਆਂ ਨੀਤੀਆਂ ਵਿਰੁੱਧ ਲੜ ਰਹੀਆਂ ਪਾਰਟੀਆਂ ਤੇ ਜਥੇਬੰਦੀਆਂ ਵਿਚ ਇਹ ਵਿਸ਼ਵਾਸ ਦਿ੍ਰੜ੍ਹ ਕਰੇਗੀ ਕਿ ਹੁਣ ਮੋਦੀ ਨੂੰ ਹਰਾਉਣਾ ਕੋਈ ਔਖਾ ਨਹੀਂ ਹੈ। ਪਰ ਹਾਲੇ ਵੀ ਇਹ ਸਵਾਲ ਉੱਠਦਾ ਹੈ ਕਿ ਉਹ ਪੂਰੇ ਦੇਸ਼ ਪੱਧਰ ’ਤੇ ਭਾਜਪਾ ਵਿਰੋਧੀ ਤਾਕਤਾਂ ਨੂੰ ਇਕੱਠਿਆਂ ਕਰਨ ਵਿਚ ਕਾਮਯਾਬ ਹੋ ਸਕਦੀ ਹੈ ਕਿ ਨਹੀਂ। ਹਾਲੇ ਇਹ ਆਸਾਨ ਨਹੀਂ ਹੈ। ਜੇ ਦੇਖਿਆ ਜਾਵੇ, ਤਾਂ ਕਾਂਗਰਸ ਪਾਰਟੀ ਦੀ 5 ਪ੍ਰਾਂਤਾਂ ਦੀਆਂ ਹੋਈਆਂ ਚੋਣਾਂ ਵਿਚ ਕਾਰਗੁਜ਼ਾਰੀ ਸਭ ਤੋਂ ਹੇਠਲੀ ਪੱਧਰ ’ਤੇ ਰਹੀ ਹੈ। ਇਸ ਵਕਤ ਪੂਰੇ ਹਿੰਦੋਸਤਾਨ ਵਿਚ ਭਾਜਪਾ ਖਿਲਾਫ ਕੋਈ ਇਕ ਪਾਰਟੀ ਮੈਦਾਨ ਵਿਚ ਨਹੀਂ ਹੈ। ਇਸੇ ਕਰਕੇ ਭਾਜਪਾ ਦਾ ਮਨੋਬਲ ਉੱਚਾ ਰਹਿੰਦਾ ਹੈ। ਹੁਣ ਜਾਂ ਤਾਂ ਕੋਈ ਰਾਸ਼ਟਰੀ ਪਾਰਟੀ ਭਾਜਪਾ ਖਿਲਾਫ ਸੰਗਠਿਤ ਹੋਵੇ ਜਾਂ ਖੇਤਰੀ ਪਾਰਟੀਆਂ ਆਪਣੀ ਹਉਮੈ ਅਤੇ ਸਵਾਰਥ ਨੂੰ ਛੱਡ ਇਕ ਪਲੇਟਫਾਰਮ ’ਤੇ ਇਕੱਠੀਆਂ ਹੋਣ। ਇਸ ਵਕਤ ਮਮਤਾ ਬੈਨਰਜੀ ਹਿੰਦੋਸਤਾਨ ਦੇ ਰਾਜਨੀਤਿਕ ਖੇਤਰ ਵਿਚ ਉੱਭਰ ਕੇ ਸਾਹਮਣੇ ਆਈ ਹੈ। ਮੋਦੀ ਨੂੰ ਭਾਰਤ ਦੀ ਸੱਤਾ ਤੋਂ ਲਾਂਭੇ ਕਰਨ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਮਮਤਾ ਬੈਨਰਜੀ ਨਾਲ ਰਲ ਕੇ ਇਕ ਵੱਖਰਾ ਪਲੇਟਫਾਰਮ ਤਿਆਰ ਕਰਨ। ਕਿਉਕਿ ਇਨ੍ਹਾਂ ਚੋਣਾਂ ਦੌਰਾਨ ਮਮਤਾ ਬੈਨਰਜੀ ਨੇ ਉਹ ਕਰ ਦਿਖਾਇਆ, ਜੋ ਕੋਈ ਸੋਚ ਵੀ ਨਹੀਂ ਸਕਦਾ ਸੀ।

Share