ਮਨੋਹਰ ਲਾਲ ਖੱਟਰ ਨੇ ਕਿਸਾਨਾਂ ਸਬੰਧੀ ਇਕ ਵਾਰ ਫੇਰ ਦਿੱਤਾ ਵਿਵਾਦਿਤ ਬਿਆਨ  

398
Share

ਹਰ ਜ਼ਿਲ੍ਹੇ ’ਚੋਂ ਡੰਡਿਆਂ ਵਾਲੇ ਵਾਲੰਟੀਅਰ ਤਿਆਰ ਕਰੋ ਜੋ ‘ਜੈਸੇ ਕੋ ਤੈਸਾ’ ਜਵਾਬ ਦੇ ਸਕਣ: ਖੱਟਰ

ਚੰਡੀਗੜ੍ਹ, 4 ਅਕਤੂਬਰ (ਪੰਜਾਬ ਮੇਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਸਬੰਧੀ ਇਕ ਵਾਰ ਫੇਰ ਵਿਵਾਦਿਤ ਬਿਆਨ  ਦਿੱਤਾ ਹੈ। ਉਨ੍ਹਾਂ ਨੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਕੀਤੇ ਸਮਾਗਮ ’ਚ ਨਵੀਆਂ ਕਿਸਾਨ ਜਥੇਬੰਦੀਆਂ ਨੂੰ ਉੱਤਰ-ਪੱਛਣ ਹਰਿਆਣਾ ਦੇ ਹਰ ਜ਼ਿਲ੍ਹੇ ’ਚ 500 ਤੋਂ 700 ਕਿਸਾਨਾਂ ਦੇ ਵਾਲੰਟੀਅਰਾਂ ਨੂੰ ਡੰਡੇ ਲੈ ਕੇ ਤਿਆਰ ਕਰਨ ਦੀ ਗੱਲ ਆਖੀ ਜੋ ‘ਜੈਸੇ ਕੋ ਤੈਸੇ’ ਦਾ ਜਵਾਬ ਦੇ ਸਕਣ। ਮੁੱਖ ਮੰਤਰੀ ਦੇ ਬਿਆਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ’ਚ ਭਾਰੀ ਰੋਸ ਹੈ। ਵਿਰੋਧੀ ਧਿਰ ਨੇ ਵੀ ਭਾਜਪਾ ਨੂੰ ਘੇਰਨ ਦੀ ਤਿਆਰੀ ਖਿੱਚ ਲਈ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਉਹ ਹਰਿਆਣਾ ’ਚ ਨਵੀਆਂ ਕਿਸਾਨ ਜਥੇਬੰਦੀਆਂ ਨੂੰ ਉਭਾਰਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉੱਤਰ-ਪੱਛਮੀ ਹਰਿਆਣਾ ਦੇ ਹਰ ਜ਼ਿਲ੍ਹੇ ’ਚ 500 ਤੋਂ 700 ਕਿਸਾਨਾਂ ਦੇ ਵਾਲੰਟੀਅਰਾਂ ਦੀ ਟੀਮ ਤਿਆਰ ਕੀਤਾ ਜਾਵੇ ਜੋ ਹਰ ਸਮੇਂ ਡੰਡੇ ਲੈ ਕੇ ਤਿਆਰ ਰਹੇ ਤਾਂ ਜੋ ਲੋੜ ਪੈਣ ’ਤੇ ‘ਜੈਸੇ ਕੋ ਤੈਸੇ’ ਦਾ ਜਵਾਬ ਦਿੱਤਾ ਜਾ ਸਕੇ। ਇਸੇ ਦੌਰਾਨ ਇਕ ਵਿਅਕਤੀ ਵੱਲੋਂ ਜੇਲ੍ਹ ਜਾਣ ਦੀ ਜ਼ਿਕਰ ਕੀਤਾ ਜਾਂਦਾ ਹੈ ਤਾਂ ਉਹ ਕਹਿੰਦੇ ਹਨ,‘ਉਹ ਵੀ ਦੇਖ ਲਵਾਂਗੇ। ਜੇਕਰ ਕਿਸੇ ਨੂੰ 2-4 ਮਹੀਨੇ ਜੇਲ੍ਹ ’ਚ ਰਹਿਣਾ ਵੀ ਪੈ ਗਿਆ ਤਾਂ ਹੀ ਵੱਡੇ ਲੀਡਰ ਬਣੋਗੇ।’ ਮੁੱਖ ਮੰਤਰੀ ਦੇ ਇਸ ਵੀਡੀਓ ਨਾਲ ਕਿਸਾਨ ਜਥੇਬੰਦੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪਹਿਲਾਂ 28 ਅਗਸਤ ਨੂੰ ਕਰਨਾਲ ’ਚ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ ਇਕ ਕਿਸਾਨ ਦੀ ਮੌਤ ਵੀ ਹੋ ਗਈ ਸੀ। ਉਸ ਸਮੇਂ ਵੀ ਐੱਸਡੀਐੱਮ ਆਯੂਸ਼ ਸਿਨਹਾ ਵੱਲੋਂ ਕਿਸਾਨਾਂ ਦੇ ਸਿਰ ਭੰਨ ਦੇਣ ਸਬੰਧੀ ਵੀਡੀਓ ਸਾਹਮਣੇ ਆਇਆ ਸੀ।d

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਿਆਨ ਨੇ ਭਾਜਪਾ ਦਾ ਅਸਲ ਚਿਹਰਾ ਸਭ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਇਸ ਤਰ੍ਹਾਂ ਭਾਜਪਾ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ’ਤੇ ਅਜਿਹੇ ਸ਼ਬਦਾਵਲੀ ਦੀ ਵਰਤੋਂ ਕਰਨ ਸਬੰਧੀ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਖੱਟਰ ਤੋਂ ਅਸਤੀਫ਼ੇ ਦੀ ਮੰਗ ਕੀਤੀ। ਚੜੂਨੀ ਨੇ ਕਿਹਾ ਕਿ ਜੇਕਰ ਭਾਜਪਾ ਅਜਿਹੀ ਸੋਚ ਰੱਖਦੀ ਹੈ ਤਾਂ ਕਿਸਾਨ ਵੀ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਹਰ ਸਮੇਂ ਤਿਆਰ ਹਨ।


Share