ਸ਼੍ਰੋਮਣੀ ਕਮੇਟੀ ਨੇ ਪਾਕਿ ਦੇ ਸਿੱਖ ਟੀ.ਵੀ. ਐਂਕਰ ਨੂੰ ਧਮਕੀਆਂ ਮਿਲਣ ਦਾ ਲਿਆ ਨੋਟਿਸ

556
Share

-ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤੁਰੰਤ ਦਖ਼ਲ ਦੇਣ ਦੀ ਕੀਤੀ ਅਪੀਲ
ਅੰਮਿ੍ਰਤਸਰ, 17 ਜਨਵਰੀ (ਪੰਜਾਬ ਮੇਲ)- ਪਾਕਿਸਤਾਨ ’ਚ ਸਿੱਖ ਟੀ.ਵੀ. ਐਂਕਰ ਹਰਮੀਤ ਸਿੰਘ ਨੂੰ ਡਰਾਏ-ਧਮਕਾਏ ਜਾਣ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਪਾਕਿਸਤਾਨ ਸਰਕਾਰ ਉਥੇ ਵਸਦੇ ਘੱਟ ਗਿਣਤੀ ਸਿੱਖਾਂ ਦੇ ਜਾਨ-ਮਾਲ ਅਤੇ ਹਿੱਤਾਂ ਦੀ ਰਾਖੀ ਯਕੀਨੀ ਬਣਾਵੇ। ਜਾਣਕਾਰੀ ਅਨੁਸਾਰ ਸਿੱਖ ਟੀ.ਵੀ. ਐਂਕਰ ਹਰਮੀਤ ਸਿੰਘ ਨੂੰ ਬੀਤੇ ਦਿਨੀਂ ਪਿਸ਼ਾਵਰ ਦੀ ਮਰਦਾਨ ਜੇਲ੍ਹ ’ਚੋਂ ਫੋਨ ਕਰਕੇ ਧਮਕੀ ਦਿੱਤੀ ਗਈ ਹੈ। ਇਸ ਜੇਲ੍ਹ ਵਿਚ ਉਸ ਦੇ ਭਰਾ ਪਰਵਿੰਦਰ ਸਿੰਘ ਦੇ ਕਾਤਲ ਬੰਦ ਹਨ। ਹਰਮੀਤ ਸਿੰਘ ਨੇ ਇਹ ਮਾਮਲਾ ਭਾਰਤੀ ਮੀਡੀਆ ਸਾਹਮਣੇ ਵੀ ਰੱਖਦਿਆਂ ਦੱਸਿਆ ਕਿ ਉਹ ਮੌਜੂਦਾ ਸਥਿਤੀ ਵਿਚ ਬੇਵੱਸ ਮਹਿਸੂਸ ਕਰ ਰਿਹਾ ਹੈ। ਇਸ ਮਾਮਲੇ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਉਹ ਤੁਰੰਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪੱਤਰ ਭੇਜਣਗੇ, ਜਿਸ ਵਿਚ ਉਹ ਘੱਟ ਗਿਣਤੀ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਨਗੇ।

Share