ਮਜੀਠੀਆ ਨੇ ਨਸ਼ਾ ਤਸਕਰੀ ਮਾਮਲੇ ’ਚ ਰਾਹਤ ਲੈਣ ਲਈ ਅਦਾਲਤ ਦਾ ਬੂਹਾ ਖੜਕਾਇਆ

194
Share

-ਅਗਾਊਂ ਜ਼ਮਾਨਤ ਲਈ ਅਦਾਲਤ ’ਚ ਅਰਜ਼ੀ ਦਾਇਰ
ਮੁਹਾਲੀ, 23 ਦਸੰਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਨਸ਼ਾ ਤਸਕਰੀ ਮਾਮਲੇ ’ਚ ਰਾਹਤ ਲੈਣ ਲਈ ਵੀਰਵਾਰ ਨੂੰ ਅਦਾਲਤ ਦਾ ਬੂਹਾ ਖੜਕਾਇਆ ਹੈ। ਮਜੀਠੀਆ ਨੇ ਆਪਣੇ ਵਕੀਲਾਂ ਦਮਨਬੀਰ ਸਿੰਘ ਸੋਬਤੀ, ਐੱਚ.ਐੱਸ. ਧਨੋਆ ਅਤੇ ਅਰਸ਼ਦੀਪ ਸਿੰਘ ਚੀਮਾ ਰਾਹੀਂ ਮੁਹਾਲੀ ਅਦਾਲਤ ਵਿਚ ਅਗਾਊਂ ਜ਼ਮਾਨਤ ਹਾਸਲ ਕਰਨ ਲਈ ਅਰਜ਼ੀ ਦਾਇਰ ਕੀਤੀ ਗਈ। ਦੁਪਹਿਰ ਵੇਲੇ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਮੁਹਾਲੀ ਦੇ ਵਧੀਕ ਤੇ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਵਿਚ ਸੁਣਵਾਈ ਹੋਈ। ਇਸ ਦੌਰਾਨ ਸਰਕਾਰੀ ਵਕੀਲ ਸੰਜੀਵ ਬੱਤਰਾ ਅਤੇ ਬਚਾਅ ਪੱਖ ਦੇ ਵਕੀਲਾਂ ਵਿੱਚ ਜ਼ਬਰਦਸਤ ਜਿਰ੍ਹਾ ਹੋਈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ ਅਤੇ ਸ਼ਾਮ ਨੂੰ ਅਦਾਲਤ ਨੇ ਪੰਜਾਬ ਸਰਕਾਰ ਨੂੰ ਸ਼ੁੱਕਰਵਾਰ ਲਈ ਨੋਟਿਸ ਜਾਰੀ ਕਰਕੇ ਅਕਾਲੀ ਆਗੂ ਵਿਰੁੱਧ ਦਰਜ ਕੀਤੇ ਤਾਜ਼ਾ ਮਾਮਲੇ ਨਾਲ ਸਬੰਧੀ ਲੋੜੀਂਦਾ ਰਿਕਾਰਡ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ।

Share