ਮਕਬੂਜ਼ਾ ਕਸ਼ਮੀਰ ‘ਚ ਵਿਧਾਨਸਭਾ ਚੋਣਾਂ 25 ਜੁਲਾਈ ਨੂੰ ਕਰਾਉਣ ਦੀ ਘੋਸ਼ਣਾ

50
Share

ਇਸਲਾਮਾਬਾਦ, 11 ਜੂਨ (ਪੰਜਾਬ ਮੇਲ)- ਪਾਕਿਸਤਾਨ ਦੇ ਕਬਜ਼ੇ ਵਾਲ ਕਸ਼ਮੀਰ ਮਤਲਬ ਪੀ.ਓ.ਕੇ. ਦੇ ਸੀਨੀਅਰ ਚੋਣ ਅਧਿਕਾਰੀ ਨੇ ਵਿਧਾਨਸਭਾ ਚੋਣਾਂ 25 ਜੁਲਾਈ ਨੂੰ ਕਰਾਉਣ ਦੀ ਘੋਸ਼ਣਾ ਕੀਤੀ। ਭਾਵੇਂ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਮੁੜ ਤੋਂ ਫੈਲਣ ਦੇ ਖਤਰੇ ਦੇ ਕਾਰਨ ਚੋਣਾਂ ਨੂੰ ਦੋ ਮਹੀਨੇ ਲਈ ਟਾਲਣ ਦੀ ਅਪੀਲ ਕੀਤੀ ਜਾ ਰਹੀ ਸੀ। ਪਿਛਲੇ ਸਾਲ ਪਾਕਿਸਤਾਨ ਨੇ ਗਿਲਗਿਤ-ਬਾਲਟੀਸਤਾਨ ਵਿਚ ਵਿਧਾਨਸਭਾ ਚੋਣਾਂ ਕਰਾਈਆਂ ਸਨ। ਭਾਰਤ ਨੇ ਗਿਲਗਿਤ-ਬਾਲਟੀਸਤਾਨ ਵਿਚ ਚੋਣਾਂ ਕਰਾਉਣ ਦੇ ਫ਼ੈਸਲੇ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਮਿਲਟਰੀ ਕਬਜ਼ੇ ਵਾਲੇ ਖੇਤਰ ਦੀ ਸਥਿਤੀ ਨੂੰ ਬਦਲਣ ਲਈ ਕਿਸੇ ਵੀ ਕਾਰਵਾਈ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।

ਮੁੱਖ ਚੋਣ ਕਮਿਸ਼ਨਰ ਅਬਦੁੱਲ ਰਾਸ਼ਿਦ ਸੁਲੇਹਰੀਆ ਨੇ ਮਕਬੂਜ਼ਾ ਕਸ਼ਮੀਰ ਪੀ.ਓ.ਕੇ. ਦੀ ਰਾਜਧਾਨੀ ਮੁਜ਼ੱਫਰਾਬਾਦ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਚੋਣ ਪ੍ਰੋਗਰਾਮ ਦੀ ਘੋਸ਼ਣਾ ਕੀਤੀ। ਪੀ.ਓ.ਕੇ. ਚੋਣ ਕਮਿਸ਼ਨ ਦੇ ਪ੍ਰਮੁੱਖ ਸੁਲੇਹਰੀਆ ਨੇ ਕਿਹਾ,”ਪੀ.ਓ.ਕੇ. ਦੇ ਲੋਕ 25 ਜੁਲਾਈ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਚੰਗੇ ਸ਼ਾਸਨ ਦੀ ਸਥਾਪਨਾ ਲਈ ਕਰਨਗੇ।” ਉਹਨਾਂ ਨੇ ਕਿਹਾ ਕਿ ਉਮੀਦਵਾਰ 21 ਜੂਨ ਤੱਕ ਆਪਣੀ ਨਾਮਜ਼ਦਗੀ ਪੱਤਰ ਭਰ ਸਕਦੇ ਹਨ ਅਤੇ ਆਖਰੀ ਸੂਚੀ 3 ਜੁਲਾਈ ਨੂੰ ਜਾਰੀ ਕੀਤੀ ਜਾਵੇਗੀ।

ਚੋਣਾਂ ਪੀ.ਓ.ਕੇ. ਵਿਚ 33 ਅਤੇ ਕਸ਼ਮੀਰੀ ਪ੍ਰਵਾਸੀਆਂ ਲਈ 12 ਸਮੇਤ ਵਿਧਾਨ ਸਭਾ ਦੇ 45 ਪ੍ਰਤੀਨਿਧੀਆਂ ਨੂੰ ਚੁਣਨ ਲਈ ਹੋਣਗੀਆਂ। ਸੁਲੇਹਰੀਆ ਨੇ ਕਿਹਾ,”ਇਹਨਾਂ ਚੋਣਾਂ ਵਿਚ ਚਾਰ ਚੋਣ ਖੇਤਰ ਵਧਾਏ ਗਏ ਹਨ।” ਵੋਟਿੰਗ ਦੌਰਾਨ ਨਾਗਰਿਕ ਪ੍ਰਸ਼ਾਸਨ ਨਾਲ ਅਰਧਸੈਨਿਕ ਰੈਂਜਰਾਂ ਅਤੇ ਪੁਲਸ ਨੂੰ ਤਾਇਨਾਤ ਕੀਤਾ ਜਾਵੇਗਾ ਤਾਂ ਜੋ 28 ਲੱਖ ਤੋਂ ਵੱਧ ਯੋਗ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਪੀ.ਓ.ਕੇ. ਵਿਧਾਨਸਭਾ ਲਈ ਪਿਛਲੀਆਂ ਆਮ ਚੋਣਾਂ ਜੁਲਾਈ 2016 ਵਿਚ ਹੋਈਆਂ ਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਗਵਾਈ ਵਿਚ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਨੇ ਉਸ ਵਿਚ ਜਿੱਤ ਦਰਜ ਕੀਤੀ ਸੀ।


Share