ਭੂਤਵਾੜਾ ਵੈਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਪਰਮਜੀਤ ਕੌਰ ਸਰਹਿੰਦ ਦੀ ਸਵੈ-ਜੀਵਨੀ ਰਾਹਾਂ ਦੇ ਰੁਦਨ ਲੋਕ ਅਰਪਿਤ

244
Share

ਭੂਤਵਾੜਾ ਵੈਲਫ਼ੇਅਰ ਫ਼ਾਊਂਡੇਸ਼ਨ ਵਲੋਂ ਜ਼ਿਲਾ ਭਾਸ਼ਾ ਦਫ਼ਤਰ ਤੇ ਜ਼ਿਲਾ ਲਿਖਾਰੀ ਸਭਾ ਦੇ ਸਹਿਯੋਗ ਨਾਲ ਪਰਮਜੀਤ ਕੌਰ ਸਰਹਿੰਦ ਦੀ ਸਵੈ-ਜੀਵਨੀ ‘ਰਾਹਾਂ ਦੇ ਰੁਦਨ’ ਮਾਤਾ ਗੁਜਰੀ ਕਾਲਜ ਦੇ ਸੈਮੀਨਾਰ ਹਾਲ ਵਿਚ ਉਘੀ ਲੇਖਕਾ ਕਾਨਾ ਸਿੰਘ ਨੇ ਲੋਕ ਅਰਪਿਤ ਕੀਤੀ। ਇਸ ਮੌਕੇ ਫ਼ਾਊਂਡੇਸ਼ਨ ਨੇ 5 ਮਾਵਾਂ ਨੂੰ ਸਨਮਾਨਿਤ ਵੀ ਕੀਤਾ। ਸਮਾਗਮ ਦੀ ਪ੍ਰਧਾਨਗੀ ਜ਼ਿਲਾ ਭਾਸ਼ਾ ਅਫ਼ਸਰ ਹਰਭਜਨ ਕੌਰ ਨੇ ਕੀਤੀ ਜਦੋਂ ਕਿ ਡਾ. ਹਰਿੰਦਰ ਕੌਰ ਪਦਮ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਮਾਤਾ ਗੁਜਰੀ ਕਾਲਜ ਦੇ ਸਹਾਇਕ ਪ੍ਰੋਫ਼ੈਸਰ ਸੁਖਵਿੰਦਰ ਸਿੰਘ, ਸਰਕਾਰੀ ਮਲਟੀਪਰਪਜ਼ ਸਕੂਲ ਪਟਿਆਲਾ ਦੇ ਲੈਕਚਰਾਰ ਡਾ. ਆਸ਼ਾ ਕਿਰਨ ਤੇ ਜਸਵੀਰ ਕੌਰ ਭੱਲਮਾਜਰਾ ਨੇ ਪੁਸਤਕ ਸਬੰਧੀ ਖੋਜ ਪਰਚੇ ਪੜੇ ਅਤੇ ਸਾਹਿਤਕ, ਵਿਚਾਰਧਾਰਕ ਤੇ ਸਮਾਜਕ ਪੱਖੋਂ ਖੋਜ ਨੁਕਤੇ ਉਘਾੜੇ। ਭੂਤਵਾੜਾ ਵੈਲਫ਼ੇਅਰ ਫ਼ਾਊਂਡੇਸ਼ਨ ਨੇ ਪੀਰ ਗਰੁੱਪ ਦਾ ਐਲਾਨ ਕੀਤਾ, ਜਿਸ ਵਿੱਚ ਬੀਬੀ ਪਰਮਜੀਤ ਕੌਰ ਸਰਹਿੰਦ ਤੋਂ ਇਲਾਵਾ ਦਰਸ਼ਨ ਇੰਦਰ ਕੌਰ ਵਾਸੂ, ਮਨਜੀਤ ਕੌਰ ਸਨੌਰ, ਗੁਰਮੀਤ ਕੌਰ ਖੰਗੂੜਾ, ਮੁਖਤਿਆਰ ਕੌਰ ਭੰਗੂ, ਗੁਰਦੀਪ ਕੌਰ ਸਿੱਧੂ, ਸੁਖਦੀਪ ਕੌਰ ਵੜਿੰਗ ਤੇ ਸਰਬਜੀਤ ਕੌਰ ਖਹਿਰਾ ਸ਼ਾਮਲ ਕੀਤੇ ਗਏ ਹਨ। ਸਮਾਗਮ ਨੂੰ ਸੰਬੋਧਨ ਦੌਰਾਨ ਬੀਬੀ ਕਾਨਾ ਸਿੰਘ ਨੇ ਕਿਹਾ ਕਿ ਬੀਬੀ ਸਰਹਿੰਦ ਦੀ ਪੁਸਤਕ, ਸੱਭਿਆਚਾਰ ਲਈ ਇੱਕ ਵੱਡਾ ਸਮਾਜਿਕ ਤੇ ਸਾਹਿਤਕ ਦਸਤਾਵੇਜ਼ ਹੈ। ਸਮਾਗਮ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਸ਼ਾ ਮਾਹਿਰ-ਕਮ-ਡਿਪਟੀ ਡਾਇਰੈਕਟਰ ਰਾਮਿੰਦਰ ਜੀਤ ਸਿੰਘ ਨੇ ਕਿਹਾ ਕਿ ਸਵੈ-ਜੀਵਨੀਆਂ ਭਾਵੇਂ ਇੱਕ ਮਨੁੱਖ ਦੇ ਆਪਣੇ ਜੀਵਨ ਸਫ਼ਰ ਦੀ ਗਾਥਾ ਹੁੰਦੀਆਂ ਹਨ ਪਰ ਉਨਾਂ ਵਿੱਚ ਹਰ ਕਿਸੇ ਨੂੰ ਸੇਧ ਦੇਣ ਦੀ ਸਮਰਥਾ ਹਾਸਲ ਹੁੰਦੀ ਹੈ। ਸਮਾਗਮ ਵਿਚ ਭੂਤਵਾੜਾ ਫ਼ਾਊਂਡੇਸ਼ਨ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਸਨੌਰ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਛਾਜਲੀ, ਮੈਂਬਰ ਗੁਰਜੰਟ ਸਿੰਘ ਜਖੇਪਲ, ਖੁਸ਼ਪ੍ਰੀਤ ਸਿੰਘ, ਨਵਦੀਪ ਸਿੰਘ ਵੀ ਸ਼ਾਮਲ ਹੋਏ। ਇਸ ਮੌਕੇ ਸਤਿਕਾਰ ਪ੍ਰਾਪਤ ਮਾਤਾਵਾਂ ਵਿੱਚ ਬੰਤ ਕੌਰ ਜਖੇਪਲ, ਅਮਰਜੀਤ ਕੌਰ, ਜਸਬੀਰ ਕੌਰ ਧਾਲੀਵਾਲ, ਬਲਜੀਤ ਕੌਰ ਟਿਵਾਣਾ ਤੇ ਕੁਲਵਿੰਦਰ ਕੌਰ ਨੂੰ ਸਨਮਾਨਤ ਕੀਤਾ ਗਿਆ। ਬੀਬੀ ਪਰਮਜੀਤ ਕੌਰ ਸਰਹਿੰਦ ਅਤੇ ਉਨਾਂ ਦੇ ਪਤੀ ਸ. ਊਧਮ ਸਿੰਘ ਨੂੰ ਸ਼੍ਰੋਮਣੀ ਸਨਮਾਨ ਨਾਲ ਸਨਮਾਨਤ ਕੀਤਾ ਗਿਆ।

 


Share