ਭਿੰਦਾ ਕਤਲ ਕੇਸ ’ਚ ਸ਼ਾਮਲ ਗੈਂਗਸਟਰ ਦੇਹਰਾਦੂਨ ਤੋਂ ਕਾਬੂ

139
Share

ਪਟਿਆਲਾ, 16 ਅਪ੍ਰੈਲ (ਪੰਜਾਬ ਮੇਲ)- ਕਬੱਡੀ ਪ੍ਰਮੋਟਰ ਧਰਮਿੰਦਰ ਸਿੰਘ ਭਿੰਦਾ ਦੇ ਕਤਲ ਕੇਸ ਵਿੱਚ ਅੱਜ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਦੌਣ ਕਲਾਂ ਵਾਸੀ ਹਰਵੀਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਗਠਿਤ ‘ਗੈਂਗਸਟਰ ਵਿਰੋਧੀ ਟਾਸਕ ਫੋਰਸ’ ਦੀ ਟੀਮ ਨੇ ਦੇਹਰਾਦੂਨ ਤੋਂ ਕਾਬੂ ਕੀਤਾ ਹੈ। ਡੀਐੱਸਪੀ ਬਿਕਰਮ ਬਰਾੜ ਤੇ ਟੀਮ ਵੱਲੋਂ ਕਾਬੂ ਕੀਤੇ ਗਏ ਗੈਂਗਸਟਰ ਦੇ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸਬੰਧ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ। ਟਾਸਕ ਫੋਰਸ ਨੇ ਪਟਿਆਲਾ ਪੁਲੀਸ ਨਾਲ ਕੀਤੇ ਸਾਂਝੇ ਅਪਰੇਸ਼ਨ ਦੌਰਾਨ ਉਸ ਨੂੰ ਕਾਬੂ ਕੀਤਾ। ਇਸ ਦੌਰਾਨ ਇੱੱਕ ਪੁਲੀਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਐਂਟੀ-ਗੈਂਗਸਟਰ ਟਾਸਕ ਫੋਰਸ ਦੀ ਦੂਜੇ ਰਾਜ ਵਿਚ ਜਾ ਕੇ ਕਿਸੇ ਮੁਲਜ਼ਮ ਨੂੰ ਕਾਬੂ ਕਰਨ ਦੀ ਸ਼ਾਇਦ ਇਹ ਪਲੇਠੀ ਕਾਰਵਾਈ ਹੈ। ਮੁਲਜ਼ਮ ਨੂੰ ਦੇਹਰਾਦੂਨ ਤੋਂ ਪਟਿਆਲਾ ਲਿਆਉਣ ਮਗਰੋਂ ਗੈਂਗਸਟਰ ਵਿਰੋਧੀ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ (ਏਡੀਜੀਪੀ) ਨੇ ਅੱਜ ਇਥੇ ਪੁਲੀਸ ਲਾਈਨ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਉਸ ਦੀ ਗ੍ਰਿਫਤਾਰੀ ਦਾ ਖੁਲਾਸਾ ਕੀਤਾ। ਇਸ ਮੌਕੇ ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ, ਟਾਸਕ ਫੋਰਸ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ, ਐੱਸਪੀ ਸਿਟੀ ਹਰਪਾਲ ਸਿੰਘ ਅਤੇ ਡੀਐੱਸਪੀ ਬਿਕਰਮਜੀਤ ਬਰਾੜ ਤੇ ਮੋਹਿਤ ਅਗਰਵਾਲ ਮੌਜੂਦ ਸਨ। ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਇਕ ਵੱਖਰੀ ਕਾਰਵਾਈ ਦੌਰਾਨ ਪਟਿਆਲਾ ਪੁਲੀਸ ਨੇ ਇਸੇ ਹੀ ਕਤਲ ਕੇਸ ਦੇ ਇਕ ਹੋਰ ਮੁਲਜ਼ਮ ਤੇਜਿੰਦਰ ਸਿੰਘ ਫੌਜੀ ਨੂੰ ਵੀ ਪਟਿਆਲਾ ਖੇਤਰ ਵਿਚੋਂ ਗ੍ਰਿਫ਼ਤਾਰ ਕੀਤਾ ਹੈ। ਇਸ ਤਰ੍ਹਾਂ ਭਿੰਦਾ ਕਤਲ ਕੇਸ ਵਿੱਚ ਹੁਣ ਤੱਕ ਨੌਂ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਚਾਰ ਨੌਜਵਾਨਾਂ ਤੇ ਇਨ੍ਹਾਂ ਨੂੰ ਪਨਾਹ ਦੇਣ ਵਾਲ਼ੇ ਤਿੰਨ ਜਣਿਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਚੇਤੇ ਰਹੇ ਕਿ 5-6 ਅਪਰੈਲ ਦੀ ਅੱਧੀ ਰਾਤ ਨੂੰ ਇਥੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਮਾਰਕੀਟ ਵਿੱਚ ਭਿੰਦਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਤਫ਼ਤੀਸ਼ ਦੌਰਾਨ ਕਤਲ ਦੀ ਵਾਰਦਾਤ ’ਚ ਅੱਠ ਜਣਿਆਂ ਦੇ ਨਾਮ ਸਾਹਮਣੇ ਆਏ ਸਨ। ਥੇੜ੍ਹੀ ਵਾਸੀ ਹਰਮਨ ਅਤੇ ਬੋਨੀ ਅਜੇ ਵੀ ਪੁਲੀਸ ਦੀ ਗ੍ਰਿਫ਼ਤ ਵਿਚੋਂ ਬਾਹਰ ਹਨ। ਪੁਲੀਸ ਟੀਮਾਂ ਵੱਲੋਂ ਪੰਜਾਬ ਸਮੇਤ ਗੁਆਂਢੀ ਰਾਜਾਂ ’ਚ ਵੀ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਡੀਐੱਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਹਰਵੀਰ ਅਤੇ ਫੌਜੀ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਇਨ੍ਹਾਂ ਤੋਂ ਲੋੜੀਂਦੀ ਪੁੱਛਗਿੱਛ ਕੀਤੀ ਜਾ ਸਕੇ।


Share