ਭਾਰਤ 15 ਦਸੰਬਰ ਤੋਂ ਮੁੜ ਸ਼ੁਰੂ ਕਰੇਗਾ ਅੰਤਰਰਾਸ਼ਟਰੀ ਉਡਾਣਾਂ

277
Share

-14 ਦੇਸ਼ਾਂ ਨੂੰ ਛੱਡ ਕੇ ਬਾਕੀ ਦੇਸ਼ਾਂ ਲਈ ਸ਼ੁਰੂ ਹੋਣਗੀਆਂ ਨਿਯਮਿਤ ਉਡਾਣਾਂ
ਨਵੀਂ ਦਿੱਲੀ, 29 ਨਵੰਬਰ (ਪੰਜਾਬ ਮੇਲ)- ਭਾਰਤ ਜਲਦ ਹੀ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਜਾ ਰਿਹਾ ਹੈ। ਪਿਛਲੇ ਸਾਲ 23 ਮਾਰਚ ਤੋਂ ਭਾਰਤ ਵਿਚ ਕੌਮਾਂਤਰੀ ਉਡਾਣਾਂ ਬੰਦ ਹਨ। ਲੇਕਿਨ ਹੁਣ ਕੇਂਦਰ ਸਰਕਾਰ ਨੇ ਵਿਦੇਸ਼ ਯਾਤਰਾਵਾਂ ਦੇ ਲਈ ਉਡਾਣਾਂ ਮੁੜ ਤੋਂ ਸ਼ੁਰੂ ਕਰਨ ਦਾ ਮਨ ਬਣਾ ਲਿਆ ਹੈ। ਜਾਣਕਾਰੀ ਮੁਤਾਬਕ ਦਸੰਬਰ ਦੇ ਤੀਜੇ ਹਫਤੇ ਯਾਨੀ 15 ਦਸੰਬਰ ਤੋਂ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋ ਜਾਵੇਗੀ। ਗੌਰਤਲਬ ਹੈ ਕਿ ਕਰੀਬ 28 ਦੇਸ਼ਾਂ ਦੇ ਨਾਲ ਏਅਰ ਬਬਲ ਵਿਵਸਥਾ ਤਹਿਤ ਪਿਛਲੇ ਸਾਲ ਜੁਲਾਈ ਤੋਂ ਵਿਸ਼ੇਸ਼ ਕੌਮਾਂਤਰੀ ਉਡਾਣਾਂ ਚਲਾਈਆਂ ਜਾ ਰਹੀਆਂ ਹਨ।
15 ਦਸੰਬਰ ਤੋਂ ਬਿ੍ਰਟੇਨ, ਫਰਾਂਸ, ਜਰਮਨੀ, ਨੀਦਰਲੈਂਡ, ਫਿਨਲੈਂਡ, ਦੱਖਣੀ ਅਫਰੀਕਾ, ਬ੍ਰਾਜ਼ੀਲ, ਚੀਨ, ਮਾਰੀਸ਼ਸ, ਸਿੰਗਾਪੁਰ ਬੰਗਲਾਦੇਸ਼, ਬੋਤਸਵਾਨਾ ਤੇ ਜ਼ਿੰਬਾਬਵੇ ਅਤੇ ਨਿਊਜ਼ੀਲੈਂਡ ਸਮੇਤ 14 ਦੇਸ਼ਾਂ ਨੂੰ ਛੱਡ ਕੇ ਬਾਕੀ ਦੇਸ਼ਾਂ ਲਈ ਨਿਯਮਤ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਨੇ ਇਹ ਫੈਸਲਾ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਮੱਦੇਨਜ਼ਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ 14 ਦੇਸ਼ਾਂ ’ਚੋਂ ਕਈ ਦੇਸ਼ਾਂ ਦੇ ਨਾਲ ਏਅਰ ਬਬਲ ਐਗਰੀਮੈਂਟ ਤਹਿਤ ਫਲਾਈਟ ਸਰਵਿਸ ਜਾਰੀ ਹੈ। ਭਾਰਤ ਨੇ ਮਾਰਚ 2020 ’ਚ ਕੋਰੋਨਾ ਮਹਾਂਮਾਰੀ ਦੇ ਦਸਤਕ ਦੇਣ ਤੋਂ ਬਾਅਦ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ’ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ, ਬਾਅਦ ਵਿਚ ਵੰਦੇ ਭਾਰਤ ਫਲਾਈਟਸ ਤੇ ਬਬਲ ਸਮਝੌਤੇ ਰਾਹੀਂ ਉਡਾਣਾਂ ਸ਼ੁਰੂ ਕੀਤੀਆਂ ਗਈਆਂ। 14 ਦੇਸ਼ਾਂ ਵਿਚ ਜਿੱਥੇ ਅੰਤਰਰਾਸ਼ਟਰੀ ਉਡਾਣ ਸੇਵਾ ਨੂੰ ਨਿਯਮਤ ਨਹੀਂ ਕੀਤਾ ਗਿਆ ਹੈ, ਉਥੇ ਹੀ ਬਬਲ ਸਮਝੌਤੇ ਦੇ ਤਹਿਤ ਅੰਤਰਰਾਸ਼ਟਰੀ ਉਡਾਣਾਂ ਦੀ ਸੇਵਾ ਜਾਰੀ ਰਹੇਗੀ। ਸਰਕਾਰ ਦੇ ਇਸ ਫੈਸਲੇ ਨਾਲ ਸੰਕਟ ’ਚੋਂ ਗੁਜ਼ਰ ਰਹੀ ਏਅਰਲਾਈਨ ਇੰਡਸਟਰੀ ਨੂੰ ਫਾਇਦਾ ਹੋਵੇਗਾ ਤਾਂ ਹਵਾਈ ਕਿਰਾਏ ਨੂੰ ਘੱਟ ਰੱਖਣ ’ਚ ਮਦਦ ਮਿਲੇਗੀ।

Share