ਭਾਰਤ ਹਵਾਲਗੀ ਦੇ ਆਦੇਸ਼ਾਂ ਖਿਲਾਫ ਮਾਲਿਆ ਵਲੋਂ ਬਰਤਾਨੀਆ ਸੁਪਰੀਮ ਕੋਰਟ ‘ਚ ਅਪੀਲ ਦਾਇਰ

778

ਲੰਡਨ, 5 ਮਈ (ਪੰਜਾਬ ਮੇਲ)- ਬਰਤਾਨੀਆ ਹਾਈਕੋਰਟ ‘ਚ ਕੇਸ ਹਾਰਨ ਬਾਅਦ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੇ ਸੋਮਵਾਰ ਨੂੰ ਭਾਰਤ ਹਵਾਲੇ ਕੀਤੇ ਜਾਣ ਦੇ ਆਦੇਸ਼ਾਂ ਖਿਲਾਫ਼ ਸੁਪਰੀਮ ਕੋਰਟ ‘ਚ ਅਪੀਲ ਦਾਇਰ ਕੀਤੀ ਹੈ। ਉਹ ਭਾਰਤ ਦੇ ਹਵਾਲਗੀ ਆਦੇਸ਼ਾਂ ਖਿਲਾਫ਼ ਕੁਝ ਦਿਨ ਪਹਿਲਾਂ ਬਰਤਾਨੀਆ ਹਾਈਕੋਰਟ ‘ਚ ਕੇਸ ਹਾਰ ਗਿਆ ਸੀ। ਹਾਈਕੋਰਟ ‘ਚ ਅਪੀਲ ਖਾਰਜ ਹੋਣ ਦੇ ਬਾਅਦ ਹੁਣ ਉਸ ਕੋਲ ਬਰਤਾਨੀਆ ਸੁਪਰੀਮ ਕੋਰਟ ‘ਚ ਅਪੀਲ ਦਾਖ਼ਲ ਕਰਨ ਲਈ 14 ਦਿਨ ਦਾ ਸਮਾਂ ਸੀ। ਮਾਲਿਆ ਮਾਰਚ 2016 ਤੋਂ ਬਰਤਾਨੀਆ ‘ਚ ਹੈ ਅਤੇ ਅਪ੍ਰੈਲ 2017 ਤੋਂ ਹਵਾਲਗੀ ਵਾਰੰਟ ‘ਤੇ ਗ੍ਰਿਫ਼ਤਾਰੀ ਦੇ ਬਾਅਦ ਜ਼ਮਾਨਤ ‘ਤੇ ਹੈ। ਹਵਾਲਗੀ ਮਾਮਲੇ ‘ਚ ਭਾਰਤੀ ਜਾਂਚ ਏਜੰਸੀਆਂ ਦੀ ਅਗਵਾਈ ਕਰ ਰਹੀ ‘ਯੂ.ਕੇ. ਕ੍ਰਾਉਨ ਪ੍ਰੋਸੀਕਿਊਸ਼ਨ ਸਰਵਿਸ’ ਦੇ ਬੁਲਾਰੇ ਨੇ ਵੀ ਮਾਲਿਆ ਵਲੋਂ ਪਟੀਸ਼ਨ ਮਿਲਣ ਦੀ ਪੁਸ਼ਟੀ ਕੀਤੀ ਹੈ।