ਭਾਰਤ ਸਰਕਾਰ ਵੱਲੋਂ 5 ਲੱਖ ਵਿਦੇਸ਼ੀ ਯਾਤਰੀਆਂ ਨੂੰ ਮੁਫ਼ਤ ਟੂਰਿਸਟ ਵੀਜ਼ਾ ਦੇਣ ਦਾ ਐਲਾਨ

282
Share

ਨਵੀਂ ਦਿੱਲੀ, 30 ਜੂਨ (ਪੰਜਾਬ ਮੇਲ)- ਕੋਰੋਨਾ ਮਹਾਂਮਾਰੀ ਕਾਰਨ ਲੀਹ ਤੋਂ ਉਤਰੇ ਸੈਰ-ਸਪਾਟਾ ਖੇਤਰ ਨੂੰ ਮੁੜ ਪਟੜੀ ’ਤੇ ਲਿਆਉਣ ਲਈ ਭਾਰਤ ਸਰਕਾਰ ਨੇ ਵਿਦੇਸ਼ੀ ਯਾਤਰੀਆਂ ਵਾਸਤੇ ਦਿਲ ਦੇ ਦਰਵਾਜ਼ੇ ਖੋਲ੍ਹਦਿਆਂ 5 ਲੱਖ ਵਿਦੇਸ਼ੀ ਯਾਤਰੀਆਂ ਨੂੰ ਮੁਫ਼ਤ ਟੂਰਿਸਟ ਵੀਜ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ।
ਕੇਂਦਰ ਸਰਕਾਰ ਨੇ ਕਿਹਾ ਉਹ 31 ਮਾਰਚ 2022 ਤੱਕ ਟੂਰਿਸਟ ਵੀਜ਼ਾ ਮੁਫਤ ’ਚ ਦੇਵੇਗੀ। ਯਾਤਰਾ ਉਦਯੋਗ ਲਈ ਵਿੱਤੀ ਰਾਹਤ ਪੈਕੇਜ ਦੇ ਹਿੱਸਿਆ ਦੇ ਰੂਪ ’ਚ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਪਹਿਲਾਂ 5 ਲੱਖ ਸੈਲਾਨੀਆਂ ਨੂੰ ਵੀਜ਼ਾ ਮੁਫਤ ’ਚ ਜਾਰੀ ਕੀਤਾ ਜਾਵੇਗਾ। ਵਿਦੇਸ਼ੀ ਸੈਲਾਨੀਆਂ ਨੂੰ ਵੀਜ਼ਾ ਦੀ ਆਗਿਆ ਮਿਲਦੇ ਹੀ ਇਸ ਸਕੀਮ ਦਾ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਹ ਯਾਤਰਾ ਉਦਯੋਗ ਦੀਆਂ ਮੰਗਾਂ ’ਚੋਂ ਇਕ ਹੈ, ਜਿਸ ਨੂੰ ਸਰਕਾਰ ਨੇ ਸਵੀਕਾਰ ਕਰ ਲਿਆ ਹੈ। ਇਸ ਕਦਮ ਦਾ ਵਿੱਤੀ ਪ੍ਰਭਾਵ 100 ਕਰੋੜ ਰੁਪਏ ਦੇ ਦਾਇਰੇ ’ਚ ਹੋਣ ਦੀ ਉਮੀਦ ਹੈ। ਇਹ ਯੋਜਨਾ 31 ਮਾਰਚ 2022 ਤੱਕ ਜਾਂ 5 ਲੱਖ ਵੀਜ਼ਾ ਜਾਰੀ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਉਸ ਤੱਕ ਲਾਗੂ ਰਹੇਗੀ। ਇਹ ਲਾਭ ਇਕ ਵਾਰ ਹੀ ਮਿਲੇਗਾ।
2019 ’ਚ ਲਗਭਗ 1.93 ਕਰੋੜ ਵਿਦੇਸ਼ੀ ਯਾਤਰੀਆਂ ਨੇ ਭਾਰਤ ਦਾ ਦੌਰਾ ਕੀਤਾ ਤੇ ਛੁੱਟੀਆਂ ਬਿਤਾਉਣ ਤੇ ਵਪਾਰ ’ਤੇ 30,098 ਅਰਬ ਡਾਲਰ ਖ਼ਰਚ ਕੀਤੇ। ਭਾਰਤ ’ਚ ਇਕ ਵਿਦੇਸ਼ੀ ਯਾਤਰੀਆਂ ਲਈ ਔਸਤ ਰੋਜ਼ਾਨਾ ਪ੍ਰਵਾਸ 21 ਦਿਨ ਹੈ। ਭਾਰਤ ’ਚ ਇਕ ਯਾਤਰੀ ਦਾ ਔਸਤ ਰੋਜ਼ਾਨਾ ਖਰਚ ਲਗਭਗ 34 ਡਾਲਰ (2400 ਰੁਪਏ) ਹੈ। ਕੋਰੋਨਾ ਦੀ ਮਾਰ ਨਾਲ ਟੁੱਟ ਚੁੱਕੇ ਸੈਰ-ਸਪਾਟਾ ਖੇਤਰ ਨੂੰ ਮੁੜ ਲੀਹ ’ਤੇ ਲਿਆਉਣ ਲਈ ਭਾਰਤ ਸਰਕਾਰ ਨੇ ਇਹ ਵੱਡੇ ਕਦਮ ਚੁੱਕੇ ਹਨ।

Share