ਭਾਰਤ ਸਰਕਾਰ ਵੱਲੋਂ 18 ਭਾਰਤੀ ਤੇ 4 ਪਾਕਿਸਤਾਨੀ ਯੂਟਿਊਬ ਚੈਨਲ ਬੰਦ

472
Share

-ਯੂਟਿਊਬ ਆਧਾਰਿਤ ਖ਼ਬਰ ਚੈਨਲਾਂ ’ਤੇ ਫ਼ਰਜ਼ੀ ਸੂਚਨਾਵਾਂ ਪੋਸਟ ਕਰਨ ਦਾ ਦੋਸ਼
ਨਵੀਂ ਦਿੱਲੀ, 6 ਅਪ੍ਰੈਲ (ਪੰਜਾਬ ਮੇਲ)- ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ 22 ਯੂਟਿਊਬ ਖ਼ਬਰ ਚੈਨਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਵਿਚ ਚਾਰ ਚੈਨਲ ਪਾਕਿਸਤਾਨੀ ਹਨ। ਇਨ੍ਹਾਂ ’ਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਫ਼ਰਜ਼ੀ ਖ਼ਬਰਾਂ ਚਲਾਉਣ ਦਾ ਦੋਸ਼ ਹੈ। ਪਿਛਲੇ ਸਾਲ ਫਰਵਰੀ ਵਿਚ ਆਈ.ਟੀ. ਨਿਯਮ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਭਾਰਤੀ ਯੂਟਿਊਬ ਆਧਾਰਿਤ ਖ਼ਬਰ ਪ੍ਰਕਾਸ਼ਕਾਂ ’ਤੇ ਕਾਰਵਾਈ ਕੀਤੀ ਗਈ ਹੈ। ਇਕ ਬਿਆਨ ਵਿਚ ਮੰਤਰਾਲੇ ਨੇ ਕਿਹਾ ਕਿ ਸੋਮਵਾਰ 22 ਚੈਨਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਤਿੰਨ ਟਵਿੱਟਰ ਅਕਾਊਂਟ, ਇਕ ਫੇਸਬੁੱਕ ਅਕਾਊਂਟ ਤੇ ਇਕ ਹੋਰ ਖ਼ਬਰ ਵੈੱਬਸਾਈਟ ਨੂੰ ਬੰਦ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਮੰਤਰਾਲਾ ਦਸੰਬਰ 2021 ਤੋਂ ਹੁਣ ਤੱਕ 78 ਯੂਟਿਊਬ ਆਧਾਰਿਤ ਖ਼ਬਰ ਚੈਨਲਾਂ ਤੇ ਕਈ ਹੋਰ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਨ ਦੇ ਹੁਕਮ ਜਾਰੀ ਕਰ ਚੁੱਕਾ ਹੈ। ਇਨ੍ਹਾਂ ਨੂੰ ਬੰਦ ਕਰਨ ਵੇਲੇ ਕੌਮੀ ਸੁਰੱਖਿਆ, ਭਾਰਤ ਦੀ ਖ਼ੁਦਮੁਖਤਿਆਰੀ ਤੇ ਅਖੰਡਤਾ, ਜਨਤਕ ਵਿਵਸਥਾ ਅਤੇ ਹੋਰ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ। ਬਲੌਕ ਕੀਤੇ ਗਏ ਚੈਨਲਾਂ ਨੂੰ ਲਗਭਗ 260 ਕਰੋੜ ਲੋਕ ਦੇਖ ਚੁੱਕੇ ਸਨ। ਮੰਤਰਾਲੇ ਨੇ ਕਿਹਾ ਕਿ ਇਹ ਚੈਨਲ ਸੋਸ਼ਲ ਮੀਡੀਆ ’ਤੇ ਮਿਲ-ਜੁਲ ਕੇ ਗਲਤ ਤੇ ਫ਼ਰਜ਼ੀ ਸੂਚਨਾਵਾਂ ਦਾ ਪ੍ਰਚਾਰ-ਪ੍ਰਸਾਰ ਕਰ ਰਹੇ ਸਨ। ਇਹ ਜਾਣਕਾਰੀਆਂ ਭਾਰਤ ਦੀ ਸੁਰੱਖਿਆ, ਵਿਦੇਸ਼ੀ ਰਿਸ਼ਤਿਆਂ ਤੇ ਜਨਤਕ ਵਿਵਸਥਾ ਦੇ ਪੱਖ ਤੋਂ ਸੰਵੇਦਨਸ਼ੀਲ ਸਨ। ਮੰਤਰਾਲੇ ਨੇ ਬਲੌਕ ਕੀਤੇ ਗਏ ਚੈਨਲਾਂ ਦੇ ਨਾਂ ਜ਼ਾਹਿਰ ਨਹੀਂ ਕੀਤੇ। ਸਰਕਾਰ ਮੁਤਾਬਕ ਕਈ ਯੂਟਿਊਬ ਚੈਨਲ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਹਥਿਆਰਬੰਦ ਬਲਾਂ ਤੇ ਜੰਮੂ ਕਸ਼ਮੀਰ ਬਾਰੇ ਫ਼ਰਜ਼ੀ ਸੂਚਨਾਵਾਂ ਫੈਲਾ ਰਹੇ ਸਨ। ਬਲੌਕ ਕੀਤਾ ਗਿਆ ਕਾਫ਼ੀ ਕੰਟੈਂਟ ਪਾਕਿਸਤਾਨ ਨਾਲ ਸਬੰਧਤ ਸੋਸ਼ਲ ਮੀਡੀਆ ਅਕਾਊਂਟਾਂ ਤੋਂ ਵੀ ਤਾਲਮੇਲ ਕਰ ਕੇ ਪਾਇਆ ਜਾ ਰਿਹਾ ਸੀ। ਇਸ ਰਾਹੀਂ ਭਾਰਤ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਸੀ।¿;
ਮੰਤਰਾਲੇ ਨੇ ਕਿਹਾ ਕਿ ਕਈ ਭਾਰਤੀ ਯੂਟਿਊਬ ਚੈਨਲ ਯੂਕਰੇਨ ਬਾਰੇ ਵੀ ਗਲਤ ਜਾਣਕਾਰੀਆਂ ਪਾ ਰਹੇ ਸਨ ਤੇ ਇਨ੍ਹਾਂ ਦਾ ਮੰਤਵ ਦੂਜੇ ਦੇਸ਼ਾਂ ਨਾਲ ਭਾਰਤ ਦੇ ਰਿਸ਼ਤੇ ਖ਼ਰਾਬ ਕਰਨਾ ਸੀ। ਉਨ੍ਹਾਂ ਕਿਹਾ ਕਿ ਕਈ ਚੈਨਲ ਕੁਝ ਟੀਵੀ ਨਿਊਜ਼ ਚੈਨਲਾਂ ਦੇ ਲੋਗੋ ਵਰਤ ਰਹੇ ਸਨ। ਕਈ ਥਾਈਂ ਚੈਨਲਾਂ ਦੇ ਐਕਰਾਂ ਦੀਆਂ ਤਸਵੀਰਾਂ ਵੀ ਵਰਤੀਆਂ ਗਈਆਂ ਸਨ ਤਾਂ ਕਿ ਦੇਖਣ ਵਾਲਿਆਂ ਨੂੰ ਇਨ੍ਹਾਂ ਦੇ ਅਸਲੀ ਹੋਣ ਦਾ ਭੁਲੇਖਾ ਪਾਇਆ ਜਾ ਸਕੇ।

Share