ਭਾਰਤ ਸਰਕਾਰ ਨੇ ਤਬਲੀਗੀ ਜਮਾਤ ‘ਚ ਹਿੱਸਾ ਲੈਣ ਵਾਲੇ 960 ਵਿਦੇਸ਼ੀ ਨਾਗਰਿਕਾਂ ਨੂੰ ਕਾਲੀ ਸੂਚੀ ਵਿਚ ਕੀਤਾ ਸ਼ਾਮਲ

750

ਨਵੀਂ ਦਿੱਲੀ, 2 ਅਪ੍ਰੈਲ (ਪੰਜਾਬ ਮੇਲ)- ਨਿਯਮਾਂ ਤੇ ਨਿਰਦੇਸ਼ਾਂ ਦੀਆਂ ਧੱਜੀਆਂ ਉੱਡਾ ਕੇ ਤਬਲੀਗੀ ਜਮਾਤ ਦੇ ਪ੍ਰੋਗਰਾਮਾਂ ‘ਚ ਸ਼ਾਮਲ ਹੋਣ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਕੋਰੋਨਾ ਇਨਫੈਕਸ਼ਨ ਫੈਲਾਉਣ ਦੇ ਦੋਸ਼ੀ 960 ਵਿਦੇਸ਼ੀਆਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਵਿਦੇਸ਼ੀਆਂ ਨੂੰ ਕਾਲੀ ਸੂਚੀ ‘ਚ ਸ਼ਾਮਲ ਕਰ ਕੇ ਉਨ੍ਹਾਂ ਲਈ ਦੇਸ਼ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਕਰ ਦਿੱਤੇ ਹਨ।

ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੈਲਾਨੀ ਵੀਜ਼ੇ ‘ਤੇ ਭਾਰਤ ਆਉਣ ਦੇ ਬਾਅਦ ਤਬਲੀਗੀ ਸਰਗਰਮੀਆਂ ‘ਚ ਸ਼ਾਮਲ ਹੋ ਕੇ ਇਨ੍ਹਾਂ ਲੋਕਾਂ ਨੇ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੇ ਇਸ ਕਾਰਨ ਉਨ੍ਹਾਂ ਦਾ ਮੌਜੂਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਨੇ ਕੋਰੋਨਾ ਸੰਕਟ ਦੌਰਾਨ ਵੱਡੀ ਗਿਣਤੀ ਵਿਚ ਇਕੱਠੇ ਨਾ ਹੋਣ ਦੇ ਨਿਰਦੇਸ਼ਾਂ ਦੀ ਵੀ ਉਲੰਘਣਾ ਕੀਤੀ ਹੈ। ਇਸ ਕਾਰਨ ਇਨ੍ਹਾਂ ਸਾਰਿਆਂ ਦੇ ਭਵਿੱਖ ‘ਚ ਭਾਰਤ ‘ਚ ਦਾਖ਼ਲ ਹੋਣ ‘ਤੇ ਰੋਕ ਲਗਾਉਂਦੇ ਹੋਏ ਉਨ੍ਹਾਂ ਨੂੰ ਕਾਲੀ ਸੂਚੀ ‘ਚ ਪਾ ਦਿੱਤਾ ਗਿਆ ਹੈ।

ਵੀਜ਼ਾ ਰੱਦ ਹੋਣ ਤੇ ਕਾਲੀ ਸੂਚੀ ‘ਚ ਸ਼ਾਮਲ ਹੋਣ ਦੇ ਨਾਲ ਹੀ ਇਨ੍ਹਾਂ ਵਿਦੇਸ਼ੀ ਤਬਲੀਗੀਆਂ ‘ਤੇ ਕਾਨੂੰਨੀ ਸ਼ਿਕੰਜਾ ਵੀ ਕੱਸ ਸਕਦਾ ਹੈ। ਗ੍ਹਿ ਮੰਤਰਾਲੇ ਨੇ ਦਿੱਲੀ ਪੁਲਿਸ ਸਮੇਤ ਸਾਰੇ ਸੂਬਿਆਂ ਦੇ ਪੁਲਿਸ ਮੁਖੀਆਂ ਨੂੰ ਇਨ੍ਹਾਂ ਵਿਦੇਸ਼ੀ ਤਬਲੀਗੀਆਂ ਖ਼ਿਲਾਫ਼ ਵਿਦੇਸ਼ੀ ਕਾਨੂੰਨ ਤੇ ਆਫ਼ਤ ਮੈਨੇਜਮੈਂਟ ਕਾਨੂੰਨ ਦੀਆਂ ਮਦਾਂ ਤਹਿਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਨ੍ਹਾਂ ਕਾਨੂੰਨਾਂ ਤਹਿਤ ਉਨ੍ਹਾਂ ਨੂੰ ਗਿ੍ਫ਼ਤਾਰ ਵੀ ਕੀਤਾ ਜਾ ਸਕਦਾ ਹੈ।

ਤਬਲੀਗੀ ਤੇ ਉਸ ਨਾਲ ਜੁੜੇ ਲੋਕ ਆਈਸੋਲੇਸ਼ਨ ‘ਚ

ਸਿਹਤ ਮੰਤਰਾਲੇ ਦੇ ਮੁਤਾਬਕ ਬੁੱਧਵਾਰ ਨੂੰ ਕੈਬਨਿਟ ਸਕੱਤਰ ਦੇ ਸਖ਼ਤ ਨਿਰਦੇਸ਼ ਦੇ ਬਾਅਦ ਪੂਰੇ ਦੇਸ਼ ‘ਚ ਤਬਲੀਗੀਆਂ ਤੇ ਉਨ੍ਹਾਂ ਨਾਲ ਸਬੰਧਤ ਲੋਕਾਂ ਦੀ ਪਛਾਣ ਕਰ ਕੇ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ। ਇਹੀ ਨਹੀਂ, ਦੇਸ਼ ‘ਚ 328 ਨਵੇਂ ਮਾਮਲਿਆਂ ਦੇ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 1,965 ਹੋ ਗਈ ਹੈ। ਇਨ੍ਹਾਂ ‘ਚੋਂ ਤਬਲੀਗ ਨਾਲ ਜੁੜੇ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 400 ਹੈ।

ਵੱਧ ਸਕਦੀ ਐ ਕੋਰੋਨਾ ਪ੍ਰਭਾਵਿਤ ਤਬਲੀਗੀਆਂ ਦੀ ਗਿਣਤੀ

ਸਿਹਤ ਮੰਤਰਾਲੇ ਦੇ ਜਾਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕਈ ਹੋਰ ਤਬਲੀਗੀਆਂ ਦਾ ਟੈਸਟ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ‘ਚ ਕੋਰੋਨਾ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਸਿਹਤ ਮੰਤਰਾਲੇ ਮੁਤਾਬਕ ਹੁਣ ਤਕ ਤਬਲੀਗੀ ਜਮਾਤ ਨਾਲ ਸਬੰਧਤ ਤਾਮਿਲਨਾਡੂ ‘ਚ 173, ਰਾਜਸਥਾਨ ‘ਚ 11, ਅੰਡੇਮਾਨ ਨਿਕੋਬਾਰ ‘ਚ 9, ਦਿੱਲੀ ‘ਚ 47, ਪੁੱਡੂਚੇਰੀ ‘ਚ ਦੋ, ਜੰਮੂ-ਕਸ਼ਮੀਰ ‘ਚ 22, ਤੇਲੰਗਾਨਾ ‘ਚ 33, ਆਂਧਰ ਪ੍ਰਦੇਸ਼ ‘ਚ 67 ਤੇ ਅਸਾਮ ‘ਚ 16 ਲੋਕ ਕੋਰੋਨਾ ਤੋਂ ਪੀੜਤ ਪਾਏ ਗਏ ਹਨ।