ਭਾਰਤ ਸਰਕਾਰ ਨੂੰ ਬਰਤਾਨਵੀ ਕੰਪਨੀ ‘ਕੇਅਰਨ ਐਨਰਜੀ’ ਕੰਪਨੀ ਨੂੰ 1.4 ਅਰਬ ਡਾਲਰ ਅਦਾ ਕਰਨ ਦੇ ਹੁਕਮ

206
Share

-ਬਰਤਾਨਵੀ ਕੰਪਨੀ ਵੱਲੋਂ ਮੁਆਵਜ਼ਾ ਲੈਣ ਦੀ ਪ੍ਰਕਿਰਿਆ ਤੇਜ਼
ਨਵੀਂ ਦਿੱਲੀ, 9 ਮਾਰਚ (ਪੰਜਾਬ ਮੇਲ)- ਅਮਰੀਕਾ ਤੇ ਯੂ.ਕੇ. ਸਮੇਤ ਪੰਜ ਮੁਲਕਾਂ ਦੀਆਂ ਅਦਾਲਤਾਂ ਨੇ ਉਸ ਮੁਆਵਜ਼ੇ ਨੂੰ ਮਾਨਤਾ ਦੇ ਦਿੱਤੀ ਹੈ, ਜਿਸ ਤਹਿਤ ਭਾਰਤ ਨੂੰ ‘ਕੇਅਰਨ ਐਨਰਜੀ’ ਕੰਪਨੀ ਨੂੰ 1.4 ਅਰਬ ਡਾਲਰ ਅਦਾ ਕਰਨ ਲਈ ਕਿਹਾ ਗਿਆ ਹੈ। ਸੂਤਰਾਂ ਮੁਤਾਬਕ ਜੇਕਰ ਭਾਰਤ ਪੈਸੇ ਅਦਾ ਨਹੀਂ ਕਰਦਾ, ਤਾਂ ਬਰਤਾਨਵੀ ਕੰਪਨੀ ਹੁਣ ਇਨ੍ਹਾਂ ਮੁਲਕਾਂ ਵਿਚ ਭਾਰਤੀ ਸੰਪਤੀਆਂ ਜ਼ਬਤ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਕੌਮਾਂਤਰੀ ਟਿ੍ਰਬਿਊਨਲ ਨੇ ਆਪਣੇ ਫ਼ੈਸਲੇ ’ਚ ਕੇਅਰਨ ਨੂੰ ਹੋਏ ਨੁਕਸਾਨ ਲਈ ਭਾਰਤ ਸਰਕਾਰ ਨੂੰ 1.4 ਅਰਬ ਡਾਲਰ ਅਦਾ ਕਰਨ ਲਈ ਕਿਹਾ ਸੀ। ਕੰਪਨੀ ਨੇ ਭਾਰਤ ਦੀ ਰੈਵੇਨਿਊ ਅਥਾਰਿਟੀ ਖ਼ਿਲਾਫ਼ ਟੈਕਸ ਦੀ ਅਦਾਇਗੀ ਦਾ ਕੇਸ ਜਿੱਤਿਆ ਸੀ, ਜੋ ਕਿ ਗੁਜ਼ਰੇ ਸਮੇਂ ਤੋਂ ਅਦਾ ਕੀਤਾ ਜਾਣਾ ਸੀ। ਅਮਰੀਕਾ ਤੇ ਯੂ.ਕੇ. ਤੋਂ ਇਲਾਵਾ ਕੈਨੇਡਾ, ਨੀਦਰਲੈਂਡਜ਼ ਤੇ ਫਰਾਂਸ ਦੀਆਂ ਅਦਾਲਤਾਂ ਨੇ ਇਸ ਮੁਆਵਜ਼ੇ ਨੂੰ ਮਾਨਤਾ ਦਿੱਤੀ ਹੈ। ਕੇਅਰਨ ਨੇ ਨੁਕਸਾਨ ਦੀ ਪੂਰਤੀ ਲਈ ਇਸ ਮੁਆਵਜ਼ੇ ਨੂੰ ਸਿੰਗਾਪੁਰ, ਜਪਾਨ, ਯੂ.ਏ.ਈ. ਵਿਚ ਵੀ ਰਜਿਸਟਰ ਕਰਨਾ ਸ਼ੁਰੂ ਕਰ ਦਿੱਤਾ ਹੈ।

Share