ਭਾਰਤ ਸਰਕਾਰ ਜਾਰੀ ਕਰੇਗੀ ਈ-ਪਾਸਪੋਰਟ

447
Share

-ਭਾਰਤ ਦੇ ਸਾਰੇ 36 ਪਾਸਪੋਰਟ ਦਫਤਰ ਹੀ ਜਾਰੀ ਕਰਨਗੇ ਈ-ਪਾਸਪੋਰਟ
ਨਵੀਂ ਦਿੱਲੀ, 16 ਅਗਸਤ (ਪੰਜਾਬ ਮੇਲ)- ਅਗਲੇ ਸਾਲ ਤੋਂ ਭਾਰਤ ਸਰਕਾਰ ਸਿਰਫ ਈ-ਪਾਸਪੋਰਟ ਜਾਰੀ ਕਰੇਗੀ, ਜਿਸ ਵਿਚ ਇਕ ਇਲੈਕਟ੍ਰਾਨਿਕ ਮਾਈਕਰੋਪ੍ਰੋਸੈਸਰ ਲੱਗਾ ਹੋਵੇਗਾ। ਸਰਕਾਰ ਨੇ ਇਸ ਦਾ ਟ੍ਰਾਇਲ ਵੀ ਪੂਰਾ ਕਰ ਲਿਆ ਹੈ। ਸਰਕਾਰ ਨੇ ਇਕ ਘੰਟੇ ਦੇ ਅੰਦਰ 20,000 ਈ-ਪਾਸਪੋਰਟ ਜਾਰੀ ਕਰਨ ਦਾ ਟ੍ਰਾਇਲ ਵੀ ਪੂਰਾ ਕਰ ਲਿਆ ਹੈ।
ਭਾਰਤ ਸਰਕਾਰ ਨੇ ਦੇਸ਼ ਦੇ ਸਾਰੇ ਨਾਗਰਿਕਾਂ ਲਈ ਈ-ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸਦੇ ਲਈ, ਭਾਰਤ ਸਰਕਾਰ ਨੇ ਏਜੰਸੀ ਦੀ ਚੋਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਏਜੰਸੀ ਆਈ.ਟੀ. ਦੇ ਬੁਨਿਆਦੀ ਢਾਂਚੇ ਅਤੇ ਹੱਲ ਪ੍ਰਦਾਨ ਕਰੇਗੀ। ਇਹ ਮੰਨਿਆ ਜਾਂਦਾ ਹੈ ਕਿ ਭਾਰਤ ਦੀ ਵੱਡੀ ਆਬਾਦੀ ਦੇ ਮੱਦੇਨਜ਼ਰ ਈ-ਪਾਸਪੋਰਟ ਦੀ ਪ੍ਰਕਿਰਿਆ ਇਕ ਵੱਡਾ ਕੰਮ ਸਾਬਤ ਹੋ ਸਕਦੀ ਹੈ ਅਤੇ ਇਸ ਦੇ ਲਈ ਅਜਿਹੀ ਕੰਪਨੀ ਦੀ ਜ਼ਰੂਰਤ ਹੈ।
ਈ-ਪਾਸਪੋਰਟ ਜਾਰੀ ਹੋਣ ਤੋਂ ਬਾਅਦ ਇਸ ਦੀ ਨਕਲ ਕਰਨਾ ਮੁਸ਼ਕਲ ਹੋਵੇਗਾ ਅਤੇ ਅੰਤਰਰਾਸ਼ਟਰੀ ਯਾਤਰਾ ਦੇ ਮਾਮਲੇ ਵਿਚ ਇਮੀਗ੍ਰੇਸ਼ਨ ਪ੍ਰਕਿਰਿਆ ਜਲਦੀ ਪੂਰੀ ਹੋ ਜਾਵੇਗੀ। ਹੁਣ ਤੱਕ ਸਿਰਫ ਭਾਰਤ ‘ਚ ਵਿਅਕਤੀਗਤ ਜਾਣਕਾਰੀ ਵਾਲੇ ਪ੍ਰਿੰਟਿਡ ਬੁੱਕ ਵਰਗੇ ਪਾਸਪੋਰਟ ਹੀ ਬਣਦੇ ਹਨ, ਜਿਨ੍ਹਾਂ ਦੀ ਨਕਲ ਕਰਨਾ ਬਹੁਤ ਆਸਾਨ ਹੈ। ਈ-ਪਾਸਪੋਰਟ ਨਾਲ ਪਾਸਪੋਰਟ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਮੌਜੂਦਾ ਮਿਆਦ ਨਾਲੋਂ 10 ਗੁਣਾ ਤੇਜ਼ ਹੋਵੇਗੀ। ਇਹ ਬਹੁਤ ਸਾਰੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਨਾਲ ਵੀ ਲੈਸ ਹੋਣ ਜਾ ਰਿਹਾ ਹੈ। ਪਾਸਪੋਰਟ ‘ਚ ਕਾਗਜ਼ ਦੀ ਗੁਣਵੱਤਾ ਅਤੇ ਇਸ ‘ਤੇ ਬਿਹਤਰੀਨ ਪ੍ਰਿੰਟਿੰਗ ਹੋਵੇਗੀ। ਇਸ ਵਿਚ ਐਡਵਾਂਸਡ ਸਿਕਿਓਰਿਟੀ ਫੀਚਰ ਦਿੱਤਾ ਜਾਵੇਗਾ।
ਸਾਈਬਰ ਅਪਰਾਧ, ਪਾਸਪੋਰਟ ਧੋਖਾਧੜੀ ਅਤੇ ਕੋਰੋਨਾ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ‘ਚ ਰੱਖਦੇ ਹੋਏ, ਇਸ ਯੋਜਨਾ ‘ਤੇ ਕੰਮ ਤੇਜ਼ ਕੀਤਾ ਗਿਆ ਹੈ। ਈ-ਪਾਸਪੋਰਟ ‘ਚ ਟੱਚ ਰਹਿਤ ਸਹੂਲਤ ਹੋ ਸਕਦੀ ਹੈ। ਭਾਰਤ ਤੋਂ ਪਹਿਲਾਂ ਅਜਿਹੇ ਈ-ਪਾਸਪੋਰਟ ਹਾਂਗਕਾਂਗ ਅਤੇ ਸਿੰਗਾਪੁਰ ਵਰਗੇ ਦੇਸ਼ਾਂ ‘ਚ ਪ੍ਰਚਲਿਤ ਹਨ, ਜੋ ਕਿ ਸੁਰੱਖਿਅਤ ਵੀ ਹਨ ਅਤੇ ਸਫਲਤਾ ਨਾਲ ਆਪਣਾ ਕੰਮ ਵੀ ਕਰ ਰਹੇ ਹਨ।
ਭਾਰਤ ਸਰਕਾਰ ਜਿਸ ਕਿਸਮ ਦੇ ਈ-ਪਾਸਪੋਰਟ ਬਣਾਉਣ ਲਈ ਪ੍ਰਬੰਧ ਕਰ ਰਹੀ ਹੈ, ਉਸ ਵਿਚ ਆਈ.ਟੀ. ਬੁਨਿਆਦੀ ਢਾਂਚਾ ਅਤੇ ਹੱਲ ਮੁਹੱਈਆ ਕਰਾਉਣ ਵਾਲੀ ਏਜੰਸੀ ਨੂੰ ਹਰ ਘੰਟੇ 10000 ਤੋਂ 20000 ਤੱਕ ਈ-ਪਾਸਪੋਰਟ ਜਾਰੀ ਕਰਨੇ ਪੈਣਗੇ। ਅਜਿਹੀ ਏਜੰਸੀ ਦਾ ਗਠਨ ਦਿੱਲੀ ਅਤੇ ਚੇਨਈ ‘ਚ ਕੀਤਾ ਜਾਵੇਗਾ। ਭਾਰਤ ਸਰਕਾਰ ਦਾ ਰਾਸ਼ਟਰੀ ਸੂਚਨਾ ਕੇਂਦਰ ਇਸ ਬਾਰੇ ਵਿਦੇਸ਼ ਮੰਤਰਾਲੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਆਈ.ਟੀ. ਦੇ ਬੁਨਿਆਦੀ ਢਾਂਚੇ ਅਤੇ ਹੱਲ ਮੁਹੱਈਆ ਕਰਾਉਣ ਵਾਲੀ ਏਜੰਸੀ ਦੀ ਚੋਣ ਕਰਨ ਲਈ ਪ੍ਰਸਤਾਵ ਲਈ ਬੇਨਤੀਆਂ ਮੰਗੀਆਂ ਗਈਆਂ ਹਨ। ਇਸ ਤੋਂ ਬਾਅਦ ਭਾਰਤ ਦੇ ਸਾਰੇ 36 ਪਾਸਪੋਰਟ ਦਫਤਰ ਸਿਰਫ ਈ-ਪਾਸਪੋਰਟ ਜਾਰੀ ਕਰਨਗੇ।


Share