ਭਾਰਤ ਵੱਲੋਂ 27 ਮਾਰਚ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ

296
Share

-23 ਮਾਰਚ, 2020 ਤੋਂ ਕੋਵਿਡ ਕਾਰਨ ਸੂਚੀਬੱਧ ਉਡਾਣਾਂ ’ਤੇ ਲੱਗੀ ਹੋਈ ਸੀ ਰੋਕ
ਨਵੀਂ ਦਿੱਲੀ, 9 ਮਾਰਚ (ਪੰਜਾਬ ਮੇਲ)- ਕਰੋਨਾ ਕਾਰਨ ਪਿਛਲੇ 2 ਸਾਲਾਂ ਤੋਂ ਬੰਦ ਪਈਆਂ ਕੌਮਾਂਤਰੀ ਉਡਾਣਾਂ ਭਾਰਤ ਸਰਕਾਰ ਵੱਲੋਂ ਹੁਣ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹਵਾਬਾਜ਼ੀ ਮੰਤਰਾਲੇ ਦੇ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਦੱਸਿਆ ਕਿ ਏਅਰਲਾਈਨਾਂ ਦੇ ਹਿੱਸੇਦਾਰਾਂ, ਮਾਲਕਾਂ ਅਤੇ ਹੋਰ ਮਹਿਕਮਿਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ 27 ਮਾਰਚ ਤੋਂ ਭਾਰਤ ਵੱਲੋਂ ਕੌਮਾਂਤਰੀ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਕਰੋਨਾ ਕਾਰਨ 23 ਮਾਰਚ, 2020 ਤੋਂ ਭਾਰਤ ਵੱਲੋਂ ਕੌਮਾਂਤਰੀ ਉਡਾਣਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ 4 ਮਹੀਨੇ ਬਾਅਦ, ਯਾਨੀ ਕਿ ਜੁਲਾਈ 2020 ਤੋਂ ਭਾਰਤ ਤੇ 37 ਹੋਰ ਦੇਸ਼ਾਂ ਵਿਚਕਾਰ ਵਿਸ਼ੇਸ਼ ਉਡਾਣਾਂ ਸ਼ੁਰੂ ਕੀਤੀਆਂ ਗਈਆਂ। ਪਰ ਉਸ ਨਾਲ ਯਾਤਰੀਆਂ ਦੀ ਪੂਰਤੀ ਪੂਰੀ ਨਹੀਂ ਹੋ ਸਕਦੀ।
ਇਕ ਅਨੁਮਾਨ ਅਨੁਸਾਰ ਭਾਰਤੀ ਹਵਾਈ ਅੱਡਿਆਂ ਨੂੰ 5 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਘਾਟਾ ਪੈ ਚੁੱਕਾ ਹੈ। ਜਦਕਿ ਵੱਖ-ਵੱਖ ਏਅਰਲਾਈਨ ਕੰਪਨੀਆਂ ਨੂੰ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਉਡਾਣਾਂ ਦੇ ਬੰਦ ਹੋਣ ਨਾਲ ਬਹੁਤ ਸਾਰੇ ਲੋਕ ਆਪਣੇ ਸਕੇ-ਸੰਬੰਧੀਆਂ ਦੇ ਦੁੱਖ-ਸੁੱਖ ’ਤੇ ਜਾਣ ਤੋਂ ਵਾਂਝੇ ਹੋ ਗਏ।
ਇਸ 2 ਸਾਲਾਂ ਦੌਰਾਨ ਕਰੋਨਾ ਮਹਾਂਮਾਰੀ ਦੀ ਦਹਿਸ਼ਤ ਕਾਫੀ ਜ਼ਿਆਦਾ ਰਹੀ। ਪਰ ਹੁਣ ਬਹੁਤੇ ਲੋਕਾਂ ਵੱਲੋਂ ਇਸ ਦੀ ਵੈਕਸੀਨ ਲਗਵਾਉਣ ਨਾਲ ਇਸ ਪ੍ਰਕੋਪ ’ਚ ਕੁੱਝ ਕਮੀ ਆਈ ਹੈ।
ਹੁਣ ਤੱਕ 37 ਦੇਸ਼ਾਂ ਵਿਚਕਾਰ ਚੱਲ ਰਹੀਆਂ ਫਲਾਈਟਾਂ ਸਿੱਧੀਆਂ ਇਕ ਤੋਂ ਦੂਜੇ ਦੇਸ਼ ਤੱਕ ਚੱਲ ਰਹੀਆਂ ਸਨ। ਪਰ ਹੁਣ ਭਾਰਤ ਵੱਲੋਂ ਸ਼ੁਰੂ ਕੀਤੀਆਂ ਗਈਆਂ ਉਡਾਣਾਂ ਵੱਖ-ਵੱਖ ਦੇਸ਼ਾਂ ਤੋਂ ਹੋ ਕੇ ਵੀ ਚੱਲ ਸਕਣਗੀਆਂ। ਪ੍ਰਵਾਸੀਆਂ ਵੱਲੋਂ ਇਸ ਐਲਾਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

Share