ਭਾਰਤ ਵੱਲੋਂ ਲਾਹੌਰ ‘ਚ ਗੁਰਦੁਆਰੇ ਨੂੰ ਮਸਜਿਦ ‘ਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ‘ਤੇ ਪਾਕਿ ਹਾਈ ਕਮਿਸ਼ਨ ਕੋਲ ਰੋਸ ਜਤਾਇਆ

560
Share

ਨਵੀਂ ਦਿੱਲੀ, 28 ਜੁਲਾਈ (ਪੰਜਾਬ ਮੇਲ)- ਲਾਹੌਰ ਦੇ ਨੌਲੱਖਾ ਬਾਜ਼ਾਰ ‘ਚ ਪ੍ਰਸਿਧ ਗੁਰਦੁਆਰੇ ਨੂੰ ਇਕ ਮਸਜਿਦ ‘ਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਦੀਆਂ ਖਬਰਾਂ ਦੇ ਮੱਦੇਨਜ਼ਰ ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਕੋਲ ਸਖ਼ਤ ਰੋਸ ਜਤਾਇਆ ਹੈ। ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਦੱਸਿਆ ਕਿ ਲਾਹੌਰ ਦੇ ਨੌਲੱਖਾ ਬਾਜ਼ਾਰ ‘ਚ ਭਾਈ ਤਾਰੂ ਸਿੰਘ ਦੀ ਸ਼ਹਾਦਤ ਵਾਲੀ ਥਾਂ ਗੁਰਦੁਆਰਾ ‘ਸ਼ਹੀਦੀ ਅਸਥਾਨ’ ਨੂੰ ਪਾਕਿਸਤਾਨ ਵਲੋਂ ਮਸਜਿਦ ਸ਼ਹੀਦ ਗੰਜ ਹੋਣ ਦਾ ਦਾਅਵਾ ਕਰਦਿਆਂ ਇਕ ਮਸਜਿਦ ‘ਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੀ ਇਸੇ ਕਾਰਵਾਈ ਦੇ ਚੱਲਦਿਆਂ ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਕੋਲ ਇਸ ਦਾ ਸਖ਼ਤ ਰੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਇਸ ਘਟਨਾ ‘ਤੇ ਸਖ਼ਤ ਸ਼ਬਦਾਂ ‘ਚ ਚਿੰਤਾ ਜ਼ਾਹਿਰ ਕੀਤੀ ਹੈ ਤੇ ਪਾਕਿਸਤਾਨ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਤੁਰੰਤ ਉਪਾਅ ਕਰਨ ਲਈ ਕਿਹਾ ਹੈ। ਸ੍ਰੀਵਾਸਤਵ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਦੇਸ਼ ‘ਚ ਘੱਟ ਗਿਣਤੀਆਂ ਦੇ ਧਾਰਮਿਕ ਅਧਿਕਾਰਾਂ ਤੇ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਸਮੇਤ ਉਨ੍ਹਾਂ ਦੀ ਸੁਰੱਖਿਆ ਤੇ ਖੁਸ਼ਹਾਲੀ ਦੀ ਦੇਖਭਾਲ ਕਰਨ ਲਈ ਵੀ ਕਿਹਾ ਗਿਆ ਹੈ।


Share