ਭਾਰਤ ਵੱਲੋਂ ਚੀਨੀ ਕੰਪਨੀਆਂ ਦੇ ਹਾਈਵੇ ਪ੍ਰਾਜੈਕਟਾਂ ‘ਚ ਵੀ ਦਾਖ਼ਲਾ ਬੰਦ

791
Share

ਨਵੀਂ ਦਿੱਲੀ, 2 ਜੁਲਾਈ (ਪੰਜਾਬ ਮੇਲ)-ਭਾਰਤ ਅਤੇ ਚੀਨ ਵਿਚਾਲੇ ਲੱਦਾਖ ਸਰਹੱਦ ‘ਤੇ ਟਕਰਾਅ ਤੋਂ ਬਾਅਦ ਹੁਣ ਭਾਰਤ ਲਗਾਤਾਰ ਚੀਨ ਖ਼ਿਲਾਫ਼ ਕਦਮ ਚੁੱਕ ਰਿਹਾ ਹੈ। ਭਾਰਤ ਨੇ ਹਾਲੀਆ 59 ਚੀਨੀ ਐਪਸ ਬੰਦ ਕੀਤੀਆਂ ਹਨ ਅਤੇ ਹੁਣ ਸਰਕਾਰ ਨੇ ਚੀਨੀ ਕੰਪਨੀਆਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਕੇਂਦਰੀ ਸੜਕ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਭਾਰਤ ਦੇ ਰਾਜ ਮਾਰਗ ਪ੍ਰਾਜੈਕਟਾਂ ‘ਚ ਚੀਨ ਦੀਆਂ ਕੰਪਨੀਆਂ ਨੂੰ ਸਾਂਝੇ ਉੱਦਮ ਦੇ ਜ਼ਰੀਏ ਵੀ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਕਈ ਚੀਨੀ ਕੰਪਨੀਆਂ ਦੇਸ਼ ਦੇ ਹਾਈਵੇ ਪ੍ਰਾਜੈਕਟ ‘ਚ ਸਿੱਧੇ ਜਾਂ ਭਾਈਵਾਲੀ ‘ਚ ਕੰਮ ਕਰ ਰਹੀਆਂ ਹਨ। ਪਰ ਹੁਣ ਚੀਨੀ ਕੰਪਨੀਆਂ ਦਾ ਦਾਖ਼ਲਾ ਬੰਦ ਕਰ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਏਗੀ ਕਿ ਸੂਖਮ, ਲਘੂ ਤੇ ਮੱਧਮ ਸਨਅਤ ਸੈਕਟਰ ‘ਚ ਵੀ ਚੀਨ ਦੇ ਨਿਵੇਸ਼ਕਾਂ ਨੂੰ ਦਾਖ਼ਲਾ ਨਾ ਦਿੱਤਾ ਜਾਵੇ।
ਗਡਕਰੀ ਨੇ ਇਹ ਵੀ ਕਿਹਾ ਕਿ ਚੀਨ ਨਾਲ ਭਾਈਵਾਲੀ ਕਰਨ ਵਾਲੇ ਸਾਂਝੇ ਉੱਦਮਾਂ ਨੂੰ ਵੀ ਸੜਕ ਨਿਰਮਾਣ ਸਮੇਤ ਹਾਈਵੇ ਨਾਲ ਜੁੜੇ ਹੋਰ ਪ੍ਰਾਜੈਕਟਾਂ ਲਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੰਤਰਾਲੇ ਨੇ ਠੋਸ ਕਦਮ ਚੁੱਕਿਆ ਹੈ ਕਿ ਜੇਕਰ ਚੀਨੀ ਕੰਪਨੀਆਂ ਸਾਂਝੇ ਉੱਦਮ ਜ਼ਰੀਏ ਵੀ ਪ੍ਰਾਜੈਕਟ ‘ਚ ਐਂਟਰੀ ਕਰਨ ਆਉਂਦੀਆਂ ਹਨ ਤਾਂ ਵੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਹਾਈਵੇ ਪ੍ਰਾਜੈਕਟਾਂ ‘ਚ ਚੀਨੀ ਕੰਪਨੀਆਂ ਦੀ ਰੋਕ ਲਈ ਨੀਤੀ ਵੀ ਛੇਤੀ ਆਵੇਗੀ। ਇਸ ਤੋਂ ਇਲਾਵਾ ਭਾਰਤੀ ਕੰਪਨੀਆਂ ਲਈ ਨਿਯਮ ਬਣਾਏ ਜਾਣਗੇ ਤਾਂ ਜੋ ਉਹ ਹਾਈਵੇ ਪ੍ਰਾਜੈਕਟਾਂ ‘ਚ ਹਿੱਸਾ ਲੈ ਸਕਣ ਤੇ ਉਨ੍ਹਾਂ ਦੀ ਪਾਤਰਤਾ ਵੱਧ ਸਕੇ। ਗਡਕਰੀ ਨੇ ਮੌਜੂਦਾ ਤੇ ਭਵਿੱਖ ਦੇ ਠੇਕੇ ਦੇ ਬਾਰੇ ਕਿਹਾ ਕਿ ਜੇਕਰ ਕਿਸੇ ਪ੍ਰਾਜੈਕਟ ‘ਚ ਕੋਈ ਚੀਨੀ ਕੰਪਨੀ ਸਿੱਧੇ ਜਾਂ ਸਾਂਝੇ ਉੱਦਮ ‘ਚ ਹਨ ਤਾਂ ਫਿਰ ਨਿਲਾਮੀ ਦੀ ਪ੍ਰਕਿਰਿਆ ਦੁਬਾਰਾ ਕੀਤੀ ਜਾਵੇਗੀ।
ਗਡਕਰੀ ਨੇ ਅੱਗੇ ਕਿਹਾ ਕਿ ਅਸੀਂ ਭਾਰਤੀ ਕੰਪਨੀਆਂ ਲਈ ਨਿਯਮਾਂ ‘ਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਉਹ ਵੱਡੇ ਪ੍ਰਾਜੈਕਟਾਂ ਦੀ ਬੋਲੀ ਵਿਚ ਹਿੱਸਾ ਲੈਣ ਦੀ ਪਾਤਰਤਾ ਹਾਸਲ ਕਰ ਸਕਣਗੇ। ਇਸ ਨੂੰ ਲੈ ਕੇ ਅਸੀਂ ਰਾਜ ਮਾਰਗ ਸਕੱਤਰ ਗਿਰਿਧਰ ਅਰਮਾਨੇ ਤੇ ਐੱਨ.ਐੱਚ.ਏ.ਆਈ. ਦੇ ਚੇਅਰਮੈਨ ਐੱਸ. ਐੱਸ. ਸੰਧੂ ਨੂੰ ਤਕਨੀਕੀ ਤੇ ਵਿੱਤੀ ਨਿਯਮਾਂ ‘ਚ ਛੋਟ ਦੇਣ ਲਈ ਬੈਠਕ ਕਰਨ ਲਈ ਕਿਹਾ ਹੈ। ਇਸ ਨਾਲ ਸਾਡੀਆਂ ਕੰਪਨੀਆਂ ਕੰਮ ਕਰਨ ਲਈ ਕੁਆਲੀਫਾਈ ਕਰ ਸਕਣਗੀਆਂ। ਗਡਕਰੀ ਨੇ ਕਿਹਾ ਕਿ ਜੇਕਰ ਕੋਈ ਠੇਕੇਦਾਰ ਛੋਟੇ ਪ੍ਰਾਜੈਕਟਾਂ ਲਈ ਕੁਆਲੀਫਾਈ ਕਰਦਾ ਹੈ ਤਾਂ ਉਹ ਵੱਡੇ ਪ੍ਰਾਜੈਕਟ ਲਈ ਵੀ ਕੁਆਲੀਫਾਈ ਕਰੇਗਾ। ਉਨ੍ਹਾਂ ਕਿਹਾ ਕਿ ਮੰਤਰਾਲੇ ਨਿਰਮਾਣ ਨਾਲ ਜੁੜੇ ਨਿਯਮਾਂ ਨੂੰ ਵੀ ਬਦਲੇਗਾ ਤਾਂ ਜੋ ਭਾਰਤੀ ਕੰਪਨੀਆਂ ਨੂੰ ਉਤਸ਼ਾਹ ਮਿਲ ਸਕੇ।


Share