-ਓਟਾਵਾ ’ਚ ਕੀਤਾ ਗਿਆ ਹੈ ਐਮਰਜੈਂਸੀ ਸਥਿਤੀ ਦਾ ਐਲਾਨ
ਓਟਾਵਾ, 9 ਫਰਵਰੀ (ਪੰਜਾਬ ਮੇਲ)- ਕੈਨੇਡਾ ਵਿਚ ਲਾਜ਼ਮੀ ਟੀਕਾਕਰਨ ਦੇ ਵਿਰੋਧ ਵਿਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਭਾਰਤ ਨੇ ਉੱਥੇ ਰਹਿਣ ਵਾਲੇ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਕੀਤੀ ਹੈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਨੇ ਮੰਗਲਵਾਰ ਨੂੰ ਇਸ ਸਬੰਧ ਵਿਚ ਇਕ ਐਡਵਾਇਜ਼ਰੀ ਕੀਤੀ। ਇਸ ਵਿਚ ਕਿਹਾ ਗਿਆ ਕਿ ਵਰਤਮਾਨ ਹਾਲਾਤ ਨੂੰ ਦੇਖਦੇ ਹੋਏ ਕੈਨੇਡਾ ਵਿਚ ਰਹਿਣ ਵਾਲੇ ਅਤੇ ਇੱਥੇ ਆਉਣ ਦੀ ਯੋਜਨਾ ਬਣਾਉਣ ਵਾਲੇ ਭਾਰਤੀਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨ ਵਾਲੇ ਖੇਤਰਾਂ ਵਿਚ ਜਾਣ ਤੋਂ ਬਚਣਾ ਚਾਹੀਦਾ ਹੈ।
ਹਾਈ ਕਮਿਸ਼ਨਰ ਨੇ ਕਿਹਾ ਕਿ ਓਟਾਵਾ ਵਿਚ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਦੂਜੇ ਸ਼ਹਿਰਾਂ ਵਿਚ ਵੀ ਕਰਫਿਊ ਲਗਾਇਆ ਜਾ ਸਕਦਾ ਹੈ। ਇੱਥੇ ਦੱਸ ਦਈਏ ਕਿ ਓਟਾਵਾ ਅਤੇ ਟੋਰਾਂਟੋ ਸਮੇਤ ਕੈਨੇਡਾ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਵਿਚ ਟਰੱਕ ਡਰਾਈਵਰ ਵੀ ਸ਼ਾਮਲ ਹਨ। ਇਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਲੋੜੀਂਦੇ ਸਾਮਾਨ ਦੀ ਕਮੀ ਹੋਣ ਲੱਗੀ ਹੈ।
ਇੱਥੇ ਦੱਸ ਦਈਏ ਕਿ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਮੇਅਰ ਜਿਮ ਵਾਟਸਨ ਨੇ ਕੋਰੋਨਾ ਵੈਕਸੀਨ ਜਨਾਦੇਸ਼ ਦੇ ਵਿਰੋਧ ਵਿਚ ਟਰੱਕ ਡਰਾਈਵਰਾਂ ਦੇ ਲਗਾਤਾਰ 9 ਦਿਨਾਂ ਦੇ ਵਿਰੋਧ ਦੇ ਬਾਅਦ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ। ਮੇਅਰ ਨੇ ਕਿਹਾ ਕਿ ਜਾਰੀ ਵਿਰੋਧ ਪ੍ਰਦਰਸ਼ਨਾਂ ਨਾਲ ਵਸਨੀਕਾਂ ਦੀ ਸੁਰੱਖਿਆ, ਗੰਭੀਰ ਖਤਰੇ ਨੂੰ ਦੇਖਦੇ ਹੋਏ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ। ਮੇਅਰ ਨੇ ਕਿਹਾ ਕਿ ਅਮਰੀਕਾ ਵਿਚ ਮੌਜੂਦ ਗੁੱਟਾਂ ਨੂੰ ਗੁਆਂਢੀ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਰਿਪੋਰਟ ਮੁਤਾਬਕ ਓਟਾਵਾ ਪੁਲਿਸ ਸੇਵਾ ਦੇ ਪ੍ਰਮੁੱਖ ਪੀਟਰ ਸਲੋਲੀ ਨੇ ਪੁਲਿਸ ਬੋਰਡ ਦੀ ਇਕ ਵਿਸ਼ੇਸ਼ ਬੈਠਕ ਵਿਚ ਕਿਹਾ ਕਿ ਉਨ੍ਹਾਂ ਦੇ ਕਰਮੀਆਂ ਕੋਲ ਇਸ ਸ਼ਹਿਰ ਵਿਚ ਲੋੜੀਂਦੀ ਅਤੇ ਪ੍ਰਭਾਵੀ ਢੰਗ ਨਾਲ ਪੁਲਿਸ ਵਿਵਸਥਾ ਪ੍ਰਦਾਨ ਕਰਨ ਲਈ ਲੋੜੀਂਦੇ ਸੰਸਾਧਨ ਨਹੀਂ ਹਨ। ਵਾਟਸਨ ਨੇ ਕਿਹਾ ਕਿ ਹਜ਼ਾਰਾਂ ਪ੍ਰਦਰਸ਼ਨਕਾਰੀ ਇਕੱਠੇ ਹੋ ਰਹੇ ਹਨ, ਜਿੱਥੇ ਟਰੱਕਾਂ ਨੇ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਸ਼ਨੀਵਾਰ ਨੂੰ ਟ੍ਰੈਕਟਰ-ਟ੍ਰੇਲਰਾਂ ਅਤੇ ਨਿੱਜੀ ਵਾਹਨਾਂ ਨੇ ਵਿਰੋਧ ਦੇ ਦੂਜੇ ਹਫ਼ਤੇ ਵਿਚ ਸ਼ਾਮਲ ਹੋਣ ਲਈ ਓਟਾਵਾ ਸ਼ਹਿਰ ਵਿਚ ਐਂਟਰੀ ਕੀਤੀ, ਜਿਸ ਦਾ ਉਦੇਸ਼ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਦੀ ਲਾਜ਼ਮੀ ਵੈਕਸੀਨ ਨੀਤੀ ਦਾ ਵਿਰੋਧ ਕਰਨਾ ਸੀ।