ਭਾਰਤ ਵੀ ਆਉਂਦਾ ਜਾ ਰਿਹੈ ਗਰਮ ਮੌਸਮ ਦੀ ਮਾਰ ਹੇਠ!

730

ਨਵੀਂ ਦਿੱਲੀ, 8 ਮਾਰਚ (ਪੰਜਾਬ ਮੇਲ)- ਭਾਰਤ ‘ਚ ਅਤਿ ਦੀ ਗਰਮੀ ਪੈਣੀ ਹੁਣ ਆਮ ਵਰਗੀ ਗੱਲ ਹੋ ਗਈ ਹੈ। ਇਕ ਅਧਿਐਨ ਮੁਤਾਬਕ 2003 ‘ਚ ਪੱਛਮੀ ਯੂਰਪ ਅਤੇ 2010 ‘ਚ ਰੂਸ ‘ਚ ਮੌਸਮ ਦੇ ਵਿਗੜੇ ਮਿਜ਼ਾਜ ਵਾਂਗ ਹੀ ਭਾਰਤ ਵੀ ਗਰਮ ਮੌਸਮ ਦੀ ਮਾਰ ਹੇਠ ਆਉਂਦਾ ਜਾ ਰਿਹਾ ਹੈ। ਯੂਰਪ ਅਤੇ ਰੂਸ ‘ਚ ਅਤਿ ਦੀ ਗਰਮੀ ਪੈਣ ਕਾਰਨ ਕਰੀਬ ਇਕ ਹਜ਼ਾਰ ਮੌਤਾਂ ਹੋਈਆਂ ਸਨ ਅਤੇ ਫ਼ਸਲਾਂ ਉਜੜ ਗਈਆਂ ਸਨ। ਇਹ ਅਧਿਐਨ ਸਾਇੰਟਿਫਿਕ ਰਿਪੋਰਟਸ ਰਸਾਲੇ ‘ਚ ਪ੍ਰਕਾਸ਼ਿਤ ਹੋਇਆ ਹੈ।
ਅਧਿਐਨ ‘ਚ ਭਾਰਤੀ ਮੌਸਮ ਵਿਭਾਗ ਤੋਂ ਮਿਲੇ ਅੰਕੜਿਆਂ ਦੇ ਆਧਾਰ ‘ਤੇ 1951 ਤੋਂ 1975 ਅਤੇ 1976 ਤੋਂ 2018 ਵਿਚਕਾਰਲੇ ਸਮੇਂ ਦਾ ਮੁਲਾਂਕਣ ਕੀਤਾ ਗਿਆ ਹੈ। ਪੁਣੇ ਸਥਿਤ ਆਈ.ਆਈ.ਟੀ.ਐੱਮ. ਦੇ ਵਿਗਿਆਨੀਆਂ ਸਮੇਤ ਹੋਰਾਂ ਨੇ ਅੰਕੜੇ ਇਕੱਤਰ ਕਰਕੇ ਮੁਲਕ ‘ਚ ਗਰਮ ਤਾਪਮਾਨ ਲਈ ਜ਼ਿੰਮੇਵਾਰ ਕਾਰਕਾਂ ਦਾ ਅਧਿਐਨ ਕੀਤਾ। ਆਈ.ਆਈ.ਟੀ.ਐੱਮ. ਦੇ ਮਨੀਸ਼ ਕੁਮਾਰ ਜੋਸ਼ੀ ਨੇ ਦੱਸਿਆ ਕਿ ਨਤੀਜਿਆਂ ਤੋਂ ਖ਼ੁਲਾਸਾ ਹੋਇਆ ਕਿ ਗੰਗਾ ਦੇ ਮੈਦਾਨੀ ਇਲਾਕਿਆਂ ਨੂੰ ਛੱਡ ਕੇ ਪੂਰੇ ਭਾਰਤ ‘ਚ ਗਰਮੀ ਵਧੀ ਹੈ।
ਖੋਜੀਆਂ ਮੁਤਾਬਕ 1976 ਤੋਂ 2018 ਵਿਚਕਾਰ ਭਾਰਤ ਦੇ ਵੱਡੇ ਹਿੱਸੇ ‘ਚ ਅਪਰੈਲ-ਜੂਨ ਦੌਰਾਨ ਔਸਤਨ ਕਰੀਬ 10 ਦਿਨ ਅੰਤਾਂ ਦੀ ਗਰਮੀ ਪਈ। ਉਨ੍ਹਾਂ ਕਿਹਾ ਕਿ ਇਹ 1951 ਤੋਂ 1975 ਦੇ ਵਕਫ਼ੇ ਤੋਂ ਕਰੀਬ 25 ਫ਼ੀਸਦੀ ਵੱਧ ਦਰਜ ਹੋਈ। ਪੂਰਬੀ ਅਤੇ ਦੱਖਣੀ ਹਿੱਸਿਆਂ ‘ਚ ਗਰਮ ਦਿਨਾਂ ‘ਚ ਅਹਿਮ ਵਾਧਾ ਦਰਜ ਹੋਇਆ ਹੈ। ਸ਼੍ਰੀ ਜੋਸ਼ੀ ਨੇ ਕਿਹਾ ਕਿ ਸ਼ਹਿਰਾਂ ‘ਚ ਇਮਾਰਤਸਾਜ਼ੀ ਲਈ ਵਰਤੀ ਜਾਣ ਵਾਲੀ ਸਮੱਗਰੀ ਵੀ ਗਰਮੀ ਵਧਾਉੁਣ ਦੇ ਕਾਰਨਾਂ ‘ਚ ਸ਼ਾਮਲ ਹੈ। ਇਸ ਸਮੱਗਰੀ ‘ਤੇ ਪਾਣੀ ਦਾ ਅਸਰ ਨਹੀਂ ਹੁੰਦਾ ਹੈ ਅਤੇ ਸਤਹਿ ‘ਚੋਂ ਪਾਣੀ ਨਾ ਰਿਸਣ ਕਰਕੇ ਇਹ ਥਾਵਾਂ ਠੰਢੀਆਂ ਨਹੀਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅਲ-ਨੀਨੋ ਦਾ ਵੀ ਭਾਰਤ ‘ਤੇ ਅਸਰ ਪੈ ਰਿਹਾ ਹੈ।