ਭਾਰਤ ਵਿੱਚ ਕੋਰੋਨਾ ਕੇਸ ਪੰਜ ਲੱਖ ਤੋਂ ਪਾਰ

732
Share

ਦੁਨੀਆ ਭਰ ਵਿੱਚ ਇੱਕ ਕਰੋੜ ਦੇ ਕਰੀਬ ਹੋਏ ਸੰਕਰਮਿਤ ਮਾਮਲੇ

ਨਵੀਂ ਦਿੱਲੀ, 27 ਜੂਨ (ਪੰਜਾਬ ਮੇਲ)-ਭਾਰਤ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ ਪੰਜ ਲੱਖ ਤੋਂ ਪਾਰ ਹੋ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਕੋਰੋਨਾ ਨਾਲ ਹੁਣ ਤੱਕ 5 ਲੱਖ 8 ਹਜ਼ਾਰ 953 ਵਿਅਕਤੀ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਚੋਂ 15685 ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਦੋ ਲੱਖ 95 ਹਜ਼ਾਰ 880 ਵਿਅਕਤੀ ਠੀਕ ਵੀ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ 18,552 ਨਵੇਂ ਕੇਸ ਸਾਹਮਣੇ ਆਏ ਹਨ ਜਦੋਂ ਕਿ 384 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ 10244 ਮਰੀਜ਼ ਠੀਕ ਹੋ ਗਏ ਹਨ।
ਵੈਬਸਾਈਟ ਕੋਰੋਨਾ ਦੇ ਮਾਮਲਿਆਂ ‘ਤੇ ਨਜ਼ਰ ਰੱਖਣ ਵਾਲੀ ਵਰਲਡਮੀਟਰ ਮੁਤਾਬਕ, ਹੁਣ ਤੱਕ ਪੂਰੀ ਦੁਨੀਆ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ 99 ਲੱਖ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ 4 ਲੱਖ 96 ਹਜ਼ਾਰ ਤੋਂ ਵੱਧ ਲੋਕ ਇਸ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਤੋਂ ਇਲਾਵਾ 53 ਲੱਖ ਤੋਂ ਵੱਧ ਮਰੀਜ਼ ਇਲਾਜ ਤੋਂ ਬਾਅਦ ਠੀਕ ਵੀ ਹੋਏ ਹਨ।
ਅੰਕੜਿਆਂ ਮੁਤਾਬਕ, ਦੇਸ਼ ਵਿੱਚ ਇਸ ਸਮੇਂ 1 ਲੱਖ 97 ਹਜ਼ਾਰ ਕੋਰੋਨਾ ਐਕਟਿਵ ਹਨ। ਸਭ ਤੋਂ ਵੱਧ ਸਰਗਰਮ ਮਾਮਲੇ ਮਹਾਰਾਸ਼ਟਰ ਵਿੱਚ ਹਨ। ਮਹਾਰਾਸ਼ਟਰ ਦੇ ਹਸਪਤਾਲਾਂ ਵਿੱਚ 65 ਹਜ਼ਾਰ ਤੋਂ ਵੱਧ ਸੰਕਰਮਿਤ ਲੋਕਾਂ ਦਾ ਇਲਾਜ ਚੱਲ ਰਿਹਾ ਹੈ।

ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਦਿੱਲੀ, ਤੀਜੇ ਨੰਬਰ ‘ਤੇ ਤਾਮਿਲਨਾਡੂ, ਚੌਥੇ ਨੰਬਰ ‘ਤੇ ਗੁਜਰਾਤ ਅਤੇ ਪੰਜਵੇਂ ਨੰਬਰ ‘ਤੇ ਪੱਛਮੀ ਬੰਗਾਲ ਹੈ। ਇਨ੍ਹਾਂ ਪੰਜ ਸੂਬਿਆ ਵਿੱਚ ਸਭ ਤੋਂ ਵੱਧ ਐਕਟਿਵ ਕੇਸ ਹਨ। ਦੱਸ ਦਈਏ ਕਿ ਐਕਟਿਵ ਮਾਮਲੇ ਵਿਚ ਭਾਰਤ ਦੁਨੀਆ ‘ਚ ਚੌਥਾ ਨੰਬਰ ‘ਤੇ ਹੈ।


Share