ਭਾਰਤ ਵਿਚ ਮੰਦਰ ਮਾਮਲਾ ਮੁੜ ਉੱਭਰਿਆ

288
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਭਾਰਤ ਵਿਚ ਅਯੁੱਧਿਆ ਵਿਖੇ ਰਾਮ ਮੰਦਰ ਬਣਾਏ ਜਾਣ ਦਾ ਚਿਰਾਂ ਤੋਂ ਲਟਕਿਆ ਮਸਲਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਸਦਾ ਸ਼ਿਲਾਨਿਆਸ ਕੀਤੇ ਜਾਣ ਨਾਲ ਇਕ ਵਾਰ ਸੁਲਝ ਗਿਆ ਲੱਗਦਾ ਹੈ। ਲੰਬੇ ਸਮੇਂ ਤੋਂ ਬਾਬਰੀ ਮਸਜ਼ਿਦ ਬਨਾਮ ਰਾਮ ਮੰਦਰ ਵਿਵਾਦ ਚੱਲਦਾ ਆ ਰਿਹਾ ਸੀ। ਅੰਗਰੇਜ਼ੀ ਰਾਜ ਸਮੇਂ ਵੀ ਇਹ ਵਿਵਾਦ ਬਣਿਆ ਰਿਹਾ ਅਤੇ ਫਿਰ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਇਹ ਵਿਵਾਦ ਲਗਾਤਾਰ ਅਦਾਲਤੀ ਝਮੇਲਿਆਂ ਵਿਚ ਉਲਝਿਆ ਰਿਹਾ ਹੈ। ਹਿੰਦੂਤਵੀ ਤਾਕਤਾਂ ਵੱਲੋਂ ਇਸ ਮਸਲੇ ਨੂੰ ਲੈ ਕੇ ਹਮੇਸ਼ਾ ਹਿੰਦੂ ਭਾਵਨਾਵਾਂ ਭੜਕਾਏ ਜਾਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ। 1990 ਵਿਚ ਵੀ.ਪੀ. ਸਿੰਘ ਸਰਕਾਰ ਸਮੇਂ ਉੱਤਰ ਪ੍ਰਦੇਸ਼ ਵਿਚ ਮੰਡਲ ਕਮਿਸ਼ਨ ਦੀਆਂ ਪੱਛੜੇ ਵਰਗਾਂ ਬਾਰੇ ਕੀਤੀਆਂ ਸਿਫਾਰਸ਼ਾਂ ਲਾਗੂ ਕਰਾਉਣ ਲਈ ਵੱਡਾ ਅੰਦੋਲਨ ਆਰੰਭ ਹੋਇਆ। ਉਸ ਦੇ ਨਾਲ ਹੀ ਭਾਜਪਾ ਨੇ ਆਪਣਾ ਹਿੰਦੂਤਵੀ ਏਜੰਡਾ ਉਭਾਰਨਾ ਸ਼ੁਰੂ ਕਰ ਦਿੱਤਾ ਅਤੇ 1991 ਵਿਚ ਭਾਜਪਾ ਸਮੇਤ ਇਸ ਦੀਆਂ ਸਹਿਯੋਗੀ ਸੰਸਥਾਵਾਂ ਸ਼ਿਵ ਸੈਨਾ ਤੇ ਹੋਰ ਕਈ ਸੰਗਠਨਾਂ ਨੇ ਰਾਮ ਮੰਦਰ ਦੇ ਮੁੱਦੇ ਨੂੰ ਲੈ ਕੇ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰ ਦਿੱਤਾ। ਭਾਜਪਾ ਦੇ ਮੁਖੀ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਪੂਰੇ ਦੇਸ਼ ਵਿਚ ਰੱਥ ਯਾਤਰਾ ਕੱਢ ਕੇ ਇਸ ਮਸਲੇ ਨੂੰ ਇੰਨਾ ਤੂਲ ਦਿੱਤਾ ਕਿ ਪੂਰੇ ਦੇਸ਼ ਅੰਦਰ ਅਯੁੱਧਿਆ ਵਿਚ ਰਾਮ ਮੰਦਰ ਬਣਾਏ ਜਾਣ ਉੱਤੇ ਥਾਂ-ਥਾਂ ਜਲੂਸ, ਜਲਸੇ ਨਿਕਲਣੇ ਸ਼ੁਰੂ ਹੋ ਗਏ। ਅਖੀਰ ਦਸੰਬਰ 1992 ਵਿਚ ਰੱਥ ਯਾਤਰਾ ਦੇ ਅਖੀਰਲੇ ਦਿਨ ਅਯੁੱਧਿਆ ਵਿਖੇ ਹੋਏ ਲੱਖਾਂ ਦੇ ਇਕੱਠ ਨੇ ਕਈ ਸਦੀਆਂ ਤੋਂ ਉਸਰੇ ਬਾਬਰੀ ਮਸਜ਼ਿਦ ਦੇ ਢਾਂਚੇ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰਕੇ ਰੱਖ ਦਿੱਤਾ। ਉਸ ਸਮੇਂ ਦੀ ਭਾਰਤ ਸਰਕਾਰ ਅਤੇ ਯੂ.ਪੀ. ਸਰਕਾਰ ਨੇ ਇਸ ਮਸਲੇ ਵਿਚ ਕੋਈ ਵੀ ਦਖਲ ਦੇਣਾ ਵਾਜਿਬ ਨਹੀਂ ਸਮਝਿਆ, ਸਗੋਂ ਕਈ ਦਿਨ ਅਯੁੱਧਿਆ ਵਿਖੇ ਭੜਕੀਲੇ ਹਿੰਦੂਤਵੀਆਂ ਦਾ ਹੀ ਕਬਜ਼ਾ ਰਿਹਾ। ਹਾਲਾਂਕਿ ਇਸ ਮੌਕੇ ਬਾਬਰੀ ਮਸਜ਼ਿਦ ਬਨਾਮ ਰਾਮ ਮੰਦਰ ਮਾਮਲਾ ਅਦਾਲਤੀ ਘੇਰੇ ਵਿਚ ਸੀ। ਪਰ ਇਸ ਦੇ ਬਾਵਜੂਦ ਮਸਜ਼ਿਦ ਢਾਹ ਕੇ ਹਿੰਦੂ ਮੰਦਰ ਬਣਾਏ ਜਾਣ ਦੇ ਐਲਾਨ ਕੀਤੇ ਗਏ। ਇਸ ਘਟਨਾ ਦਾ ਨਤੀਜਾ ਪੂਰੇ ਦੇਸ਼ ਵਿਚ ਮੁਸਲਿਮ ਘੱਟ ਗਿਣਤੀਆਂ ਖਿਲਾਫ ਭਾਵਨਾਵਾਂ ਭੜਕਣ ਵਿਚ ਨਿਕਲਿਆ। ਇਸ ਤੋਂ ਬਾਅਦ ਪ੍ਰਤੀਕਰਮ ਵਜੋਂ ਜਿੱਥੇ ਜੰਮੂ-ਕਸ਼ਮੀਰ ਵਿਚ ਹਿੰਸਾ ਵਿਚ ਅਥਾਹ ਵਾਧਾ ਹੋਇਆ, ਉਥੇ ਮੁੰਬਈ 26/11 ਅਤੇ ਦਿੱਲੀ ਵਿਖੇ ਭਾਰਤੀ ਪਾਰਲੀਮੈਂਟ ਦੇ ਅੰਦਰ ਵੱਡੇ ਹਮਲੇ ਵੀ ਸਾਹਮਣੇ ਆਏ। ਭਾਰਤੀ ਲੋਕਾਂ ਨੂੰ ਇਸ ਦਾ ਵੱਡਾ ਖਾਮਿਆਜ਼ਾ ਭੁਗਤਣਾ ਪਿਆ। ਆਖਰ ਲੰਬੇ ਸਮੇਂ ਬਾਅਦ ਮੋਦੀ ਸਰਕਾਰ ਬਣਨ ਬਾਅਦ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਬਾਬਰੀ ਮਸਜ਼ਿਦ ਵਾਲੀ ਵਿਵਾਦਗ੍ਰਸਤ ਜਗ੍ਹਾ ਉਪਰ ਰਾਮ ਮੰਦਰ ਉਸਾਰੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ। ਰਾਮ ਮੰਦਰ ਬਣਾਏ ਜਾਣ ਦੇ ਫੈਸਲੇ ਉਪਰ ਮੋਹਰ ਲੱਗਣ ਨਾਲ ਮੋਦੀ ਸਰਕਾਰ ਨੇ ਅਰਬਾਂ ਰੁਪਏ ਖਰਚ ਕੇ ਅਯੁੱਧਿਆ ਵਿਖੇ ਮੰਦਰ ਉਸਾਰਨ ਦਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਮੰਦਰ ਉਸਾਰੇ ਜਾਣ ਅਤੇ ਇਸ ਦਾ ਸ਼ਿਲਾਨਿਆਸ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੱਖੇ ਜਾਣ ਨਾਲ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਭਾਰਤ ਅੰਦਰ ਧਰਮ ਨਿਰਪੱਖਤਾ ਦਾ ਜ਼ਮਾਨਾ ਖਤਮ ਹੋ ਗਿਆ ਹੈ। ਪ੍ਰਧਾਨ ਮੰਤਰੀ ਸਮੇਤ ਹਿੰਦੂ ਨੇਤਾਵਾਂ ਨੇ ਵੀ ਰਾਮ ਮੰਦਰ ਦਾ ਸ਼ਿਲਾਨਿਆਸ ਰੱਖੇ ਜਾਣ ਨੂੰ ਹਿੰਦੂ ਸਮਾਜ ਦੀ ਆਜ਼ਾਦੀ ਦੇ ਬਰਾਬਰ ਤੁਲਨਾ ਕੀਤੀ ਹੈ।
ਰਾਮ ਮੰਦਰ ਦੇ ਨੀਂਹ ਰੱਖਣ ਦੇ ਸਮਾਗਮ ਲਈ ਸਿੱਖਾਂ ਦੇ ਧਾਰਮਿਕ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਸੱਦਾ ਪੱਤਰ ਆਇਆ ਸੀ। ਇਸ ਮਸਲੇ ਨੂੰ ਲੈ ਕੇ ਜਿੱਥੇ ਭਾਰਤ ਅੰਦਰ ਵੱਡੀ ਚਰਚਾ ਛਿੜੀ ਹੋਈ ਹੈ, ਉਥੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਅੰਦਰ ਵੀ ਇਸ ਮਸਲੇ ਉੱਤੇ ਕਾਫੀ ਵਿਚਾਰ-ਚਰਚਾ ਹੋ ਰਹੀ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਰਾਮ ਮੰਦਰ ਦੇ ਨੀਂਹ ਰੱਖਣ ਦੇ ਸਮਾਗਮ ਵਿਚ ਜਾਣ ਤੋਂ ਕਿਨਾਰਾ ਕੀਤਾ। ਜਥੇਦਾਰ ਨੇ ਬਾਅਦ ਵਿਚ ਆਪਣੇ ਕੀਤੇ ਐਲਾਨ ਵਿਚ ਰਾਮ ਮੰਦਰ ਬਣਾਏ ਜਾਣ ਲਈ ਸਮੂਹ ਹਿੰਦੂ ਸਮਾਜ ਨੂੰ ਮੁਬਾਰਕ ਤਾਂ ਦਿੱਤੀ, ਪਰ ਨਾਲ ਹੀ ਇਹ ਵੀ ਆਖਿਆ ਕਿ ਇਸ ਮੰਦਰ ਵਾਂਗ ਹੀ ਸਿੱਖ ਭਾਵਨਾਵਾਂ ਨਾਲ ਸੰਬੰਧਤ ਕਈ ਸਿੱਖ ਧਾਰਮਿਕ ਅਸਥਾਨ ਵੀ ਹਨ, ਜਿਨ੍ਹਾਂ ਵੱਲ ਸਰਕਾਰ ਨੂੰ ਇਸੇ ਤਰ੍ਹਾਂ ਤਵੱਜੋ ਦੇਣੀ ਚਾਹੀਦੀ ਹੈ। ਜਥੇਦਾਰ ਵੱਲੋਂ ਕਹੀਆਂ ਇਨ੍ਹਾਂ ਗੱਲਾਂ ਦੇ ਵੱਡੇ ਅਰਥ ਹਨ। ਜਥੇਦਾਰ ਨੇ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਡਾਂਗਮਾਰ ਅਤੇ ਗੁਰਦੁਆਰਾ ਮੰਗੂ ਮੱਠ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਅਜਿਹੇ ਧਾਰਮਿਕ ਅਸਥਾਨ ਹਨ, ਜਿਨ੍ਹਾਂ ਨੂੰ ਮੁੜ ਉਸਾਰੇ ਜਾਣ ਦੀ ਜ਼ਰੂਰਤ ਹੈ। ਇਸ ਤਰ੍ਹਾਂ ਕਰਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੜੇ ਸਲੀਕੇ ਭਰੇ ਢੰਗ ਨਾਲ ਸਿੱਖ ਭਾਵਨਾਵਾਂ ਦੀ ਪ੍ਰਤੀਨਿਧਤਾ ਕੀਤੀ ਹੈ। ਉਨ੍ਹਾਂ ਵੱਲੋਂ ਲਏ ਸਟੈਂਡ ਦੀ ਦੁਨੀਆਂ ਭਰ ਵਿਚ ਵਸੇ ਸਿੱਖਾਂ ਵੱਲੋਂ ਪ੍ਰਸ਼ੰਸਾ ਵੀ ਹੋ ਰਹੀ ਹੈ। ਪਰ ਇਸ ਦੇ ਨਾਲ ਹੀ ਨੀਂਹ ਰੱਖਣ ਦੇ ਹੋਏ ਸਮਾਗਮ ਵਿਚ ਸ਼ਾਮਲ ਹੋਏ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਦਿੱਤਾ ਵਿਵਾਦਪੂਰਨ ਬਿਆਨ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗਿਆਨੀ ਇਕਬਾਲ ਸਿੰਘ ਪਹਿਲਾਂ ਵੀ ਅਜਿਹੇ ਬਿਆਨ ਦੇਣ ਕਾਰਨ ਕਈ ਵਾਰ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਗਿਆਨੀ ਇਕਬਾਲ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਮ ਦੇ ਪੁੱਤਰਾਂ ਦੇ ਵੰਸ਼ਜ ਕਹੇ ਜਾਣ ਦੇ ਬਾਅਦ ਵਿਵਾਦਪੂਰਨ ਬਿਆਨ ਦਾ ਪੰਜਾਬ ਦੀਆਂ ਸਿੱਖ ਸਿਆਸੀ ਪਾਰਟੀਆਂ, ਸਿੱਖ ਧਾਰਮਿਕ ਜਥੇਬੰਦੀਆਂ ਸਮੇਤ ਸ਼੍ਰੋਮਣੀ ਕਮੇਟੀ ਨੇ ਕਿਸੇ ਤਰ੍ਹਾਂ ਦਾ ਸਖ਼ਤ ਨੋਟਿਸ ਨਹੀਂ ਲਿਆ। ਸਿੱਖ ਵਿਦਵਾਨਾਂ ਅੰਦਰ ਇਹ ਆਮ ਵਿਚਾਰ ਹੈ ਕਿ ਗਿਆਨੀ ਇਕਬਾਲ ਸਿੰਘ ਮੁੱਢ ਤੋਂ ਹੀ ਹਿੰਦੂਤਵੀ ਢੰਗ ਨਾਲ ਸਿੱਖ ਇਤਿਹਾਸ ਦਾ ਵਿਖਿਆਨ ਕਰਨ ਦੇ ਯਤਨ ਕਰਦੇ ਰਹੇ ਹਨ। ਉਨ੍ਹਾਂ ਦੀਆਂ ਬਹੁਤ ਸਾਰੀਆਂ ਸਿੱਖ ਰਹਿਤ ਮਰਿਆਦਾ ਅਤੇ ਸਿੱਖ ਕਿਰਦਾਰ ਵਿਰੋਧੀ ਕਾਰਵਾਈਆਂ ਕਾਰਨ ਹੀ ਉਨ੍ਹਾਂ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਸੀ।
ਇਸ ਵੇਲੇ ਇਹ ਮਸਲਾ ਵੀ ਉੱਠ ਰਿਹਾ ਹੈ ਕਿ ਸਿੱਖ ਧਾਰਮਿਕ ਸੰਸਥਾਵਾਂ ਦੇ ਅੰਦਰ ਵੀ ਵੱਡੇ ਨਿਘਾਰ ਵਾਲੀ ਹਾਲਤ ਬਣੀ ਹੋਈ ਹੈ, ਜਿਸ ਕਰਕੇ ਉਹ ਸਿੱਖ ਪ੍ਰੰਪਰਾਵਾਂ, ਵਿਰਾਸਤ ਅਤੇ ਸਿੱਖ ਮਰਿਆਦਾ ਦੀ ਸੇਵਾ ਸੰਭਾਲ ਲਈ ਨਾ ਸਿਰਫ ਅਵੇਸਲੀਆਂ ਹੋਈਆਂ ਹਨ, ਸਗੋਂ ਕਿਸੇ ਹੱਦ ਤੱਕ ਉਹ ਸਿੱਖੀ ਸੋਚ ਤੋਂ ਵੀ ਦੂਰ ਚਲੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਅੰਦਰ 267 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁੰਮ ਹੋਣ ਦਾ ਮਸਲਾ ਵੀ ਇਸ ਵੇਲੇ ਵੱਡੀ ਚਰਚਾ ਵਿਚ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿਗਰਾਨੀ ਹੇਠ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸਿੱਖ ਸੰਗਤ ਅੰਦਰ ਬੜੇ ਸਵਾਲ ਉਠ ਰਹੇ ਹਨ ਕਿ ਜੇਕਰ ਸ਼੍ਰੋਮਣੀ ਕਮੇਟੀ ਵਰਗੀ ਇਤਿਹਾਸਕ ਅਤੇ ਉੱਚ ਧਾਰਮਿਕ ਸੰਸਥਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੰਭਾਲਣ ਵਿਚ ਇੰਨੀ ਅਵੇਸਲੀ ਹੋਈ ਬੈਠੀ ਹੈ, ਤਾਂ ਫਿਰ ਉਸ ਦੇ ਹੱਥਾਂ ਵਿਚ ਸਿੱਖ ਇਤਿਹਾਸ, ਮਰਿਆਦਾ ਅਤੇ ਸਿੱਖ ਸੰਸਥਾਵਾਂ ਦੀ ਦੇਖਭਾਲ ਦਾ ਕੰਮ ਕਿੰਨਾ ਕੁ ਸੁਰੱਖਿਅਤ ਹੋ ਸਕਦਾ ਹੈ। ਅੱਜ ਇਹ ਗੱਲ ਕੁੱਝ ਲੋਕਾਂ ਤੱਕ ਹੀ ਸੀਮਤ ਨਹੀਂ, ਸਗੋਂ ਸੰਸਾਰ ਵਿਚ ਵਸੇ ਪੂਰੇ ਸਿੱਖ ਜਗਤ ਅੰਦਰ ਚਰਚਾ ਅਤੇ ਫਿਕਰ ਦਾ ਮਸਲਾ ਬਣਿਆ ਹੋਇਆ ਹੈ। ਸਿਆਸੀ ਪਾਰਟੀਆਂ ਦੇ ਲੋਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਆਪਸੀ ਧੜੇਬੰਦਕ ਲੜਾਈ ਵਿਚ ਤਾਂ ਹਮੇਸ਼ਾ ਇਕ ਦੂਜੇ ਖਿਲਾਫ ਬਿਆਨਬਾਜ਼ੀ ਕਰਦੇ ਆਮ ਹੀ ਵੇਖੇ ਜਾਂਦੇ ਹਨ। ਪਰ ਸਮੁੱਚੀ ਕੌਮ ਦੇ ਸਾਂਝੇ ਮਸਲਿਆਂ ਉਪਰ ਇਕਮੱਤ ਹੋ ਕੇ ਆਵਾਜ਼ ਉਠਾਉਣ ਵਿਚ ਉਹ ਹਮੇਸ਼ਾ ਅਸਫਲ ਹੀ ਰਹਿੰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮਰੱਥਾ ਉਪਰ ਤਾਂ ਬੜੇ ਲੰਬੇ ਸਮੇਂ ਤੋਂ ਉਂਗਲਾਂ ਉੱਠਦੀਆਂ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੇ ਅਧੀਨ ਇਸ ਵੇਲੇ ਅੰਮ੍ਰਿਤਸਰ ਦੀ ਮੈਡੀਕਲ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਤੋਂ ਇਲਾਵਾ ਅਨੇਕਾਂ ਇੰਜੀਨੀਅਰਿੰਗ ਕਾਲਜ, ਕਾਲਜ ਅਤੇ ਹੋਰ ਸਕੂਲ ਚੱਲ ਰਹੇ ਹਨ। ਇਨ੍ਹਾਂ ਸੰਸਥਾਵਾਂ ਵਿਚ ਵੀ ਚੜ੍ਹਤ ਵਾਲੀ ਗੱਲ ਕਿੱਧਰੇ ਦਿਖਾਈ ਨਹੀਂ ਦਿੰਦੀ। ਕਿੱਧਰੇ ਵੀ ਇਨ੍ਹਾਂ ਵਿੱਦਿਅਕ ਸੰਸਥਾਵਾਂ ਵਿਚ ਸਿੱਖ ਧਰਮ ਬਾਰੇ ਵਿਸ਼ੇਸ਼ ਸਿੱਖਿਆ ਦੇਣ ਅਤੇ ਗਰੀਬ ਸਿੱਖਾਂ ਨੂੰ ਤਰਜੀਹ ਦਿੱਤੇ ਜਾਣ ਦੀ ਨੀਤੀ ਦਿਖਾਈ ਨਹੀਂ ਦੇ ਰਹੀ, ਸਗੋਂ ਇਸ ਤੋਂ ਉਲਟ ਪਿਛਲੇ ਸਾਲਾਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਿਚ ਰੱਖੇ ਐੱਨ.ਆਰ.ਆਈ. ਕੋਟੇ ਦੀਆਂ ਸੀਟਾਂ  ਪੰਜਾਬ ਦੇ ਹੀ ਕੁੱਝ ਰਸੂਖ ਵਾਲੇ ਲੋਕਾਂ ਵੱਲੋਂ ਵਰਤ ਲਏ ਜਾਣ ਦੀਆਂ ਰਿਪੋਰਟਾਂ ਆਮ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਸਿੱਖ ਭਾਈਚਾਰਾ ਇਸ ਵੇਲੇ ਡੂੰਘੇ ਧਾਰਮਿਕ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਇਕ ਪਾਸੇ ਭਾਰਤ ਅੰਦਰ ਹਿੰਦੂਤਵੀ ਤਾਕਤਾਂ ਦੇ ਜ਼ੋਰ ਫੜਨ ਨਾਲ ਸਿੱਖ ਧਾਰਮਿਕ ਪੱਖ ਕਮਜ਼ੋਰ ਪੈ ਰਿਹਾ ਹੈ ਤੇ ਦੂਜੇ ਪਾਸੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਅਤੇ ਸਿੱਖ ਲੀਡਰਸ਼ਿਪ ਅੰਦਰੋਂ ਖੋਖਲੀ ਹੁੰਦੀ ਜਾ ਰਹੀ ਨਜ਼ਰ ਆਉਂਦੀ ਹੈ। ਅਜਿਹੇ ਸਮੇਂ ਵਿਚ ਸਿੱਖ ਵਿਦਵਾਨਾਂ ਨੂੰ ਸਿਰ ਜੋੜ ਕੇ ਬੈਠਣ ਦੀ ਵੱਡੀ ਜ਼ਰੂਰਤ ਹੈ, ਤਾਂ ਹੀ ਸਿੱਖ ਸਮਾਜ ਉੱਭਰ ਰਹੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕੇਗਾ।


Share