ਭਾਰਤ ਯਾਤਰਾ ਦੇ ਚਾਹਵਾਨ ਬ੍ਰਿਟਿਸ਼ ਯਾਤਰੀਆਂ ਲਈ ਈ-ਵੀਜ਼ਾ ਪ੍ਰਣਾਲੀ ਬਹਾਲ

137

ਲੰਡਨ, 6 ਦਸੰਬਰ (ਪੰਜਾਬ ਮੇਲ)- ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਭਾਰਤ ਦੀ ਯਾਤਰਾ ਕਰਨ ਦੇ ਚਾਹਵਾਨ ਬ੍ਰਿਟਿਸ਼ ਯਾਤਰੀਆਂ ਲਈ ਇਲੈਕਟ੍ਰਾਨਿਕ ਵੀਜ਼ਾ (ਈ-ਵੀਜ਼ਾ) ਪ੍ਰਕਿਰਿਆ ਨੂੰ ਬਹਾਲ ਕਰਨ ਦਾ ਸੋਮਵਾਰ ਨੂੰ ਐਲਾਨ ਕੀਤਾ ਹੈ। ਪਿਛਲੇ ਕੁਝ ਮਹੀਨਿਆਂ ਵਿਚ ਭਾਰਤ ਲਈ ਵੀਜ਼ਿਆਂ ਦੀ ਭਾਰੀ ਮੰਗ ਦੇ ਵਿਚਕਾਰ ਇਸ ਕਦਮ ਦਾ ਵਿਆਪਕ ਪੱਧਰ ‘ਤੇ ਸਵਾਗਤ ਕੀਤੇ ਜਾਣ ਦੀ ਸੰਭਾਵਨਾ ਹੈ। ਬ੍ਰਿਟੇਨ ਵਿਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੁਰਾਈਸਵਾਮੀ ਨੇ ਕਿਹਾ ਕਿ ਇਹ ਸੇਵਾ ਤੁਰੰਤ ਸ਼ੁਰੂ ਹੋ ਜਾਵੇਗੀ। ਲੰਡਨ ਵਿਚ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਯਾਤਰੀ ਇਸ ਹਫ਼ਤੇ ਤੋਂ ਭਾਰਤ ਜਾਣ ਲਈ ਈ-ਵੀਜ਼ਾ ਲਈ ਅਰਜ਼ੀ ਦੇਣਾ ਸ਼ੁਰੂ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਸਿਸਟਮ ਨੂੰ ਅਪਗ੍ਰੇਡ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਭਾਰਤੀ ਵੀਜ਼ਾ ਵੈੱਬਸਾਈਟ ਜਲਦ ਹੀ ਈ-ਵੀਜ਼ਾ ਅਰਜ਼ੀਆਂ ਨੂੰ ਸਵੀਕਾਰ ਕਰੇਗੀ। ਦੁਰਾਈਸਵਾਮੀ ਨੇ ਟਵਿੱਟਰ ‘ਤੇ ਇਕ ਵੀਡੀਓ ਰਾਹੀਂ ਕਿਹਾ, ”ਅੱਜ ਦੀ ਵੱਡੀ ਖ਼ਬਰ ਇਹ ਹੈ ਕਿ ਅਸੀਂ ਇਕ ਵਾਰ ਫਿਰ ਈ-ਵੀਜ਼ਾ ਸ਼ੁਰੂ ਕਰਨ ਜਾ ਰਹੇ ਹਾਂ। ਇਸ ਨਾਲ ਬਰਤਾਨੀਆ ਦੇ ਦੋਸਤ ਮੁਕਾਬਲਤਨ ਆਸਾਨੀ ਨਾਲ ਭਾਰਤ ਦੀ ਯਾਤਰਾ ਕਰ ਸਕਣਗੇ।” ਇਸ ਐਲਾਨ ਦੀ ਸ਼ਲਾਘਾ ਹੋ ਰਹੀ ਹੈ।
ਬ੍ਰਿਟਿਸ਼ ਸੰਸਦ ‘ਚ ਇਹ ਮੁੱਦਾ ਉਠਿਆ ਹੈ ਕਿ ਪਿਛਲੇ ਮਹੀਨੇ ਇੰਡੋਨੇਸ਼ੀਆ ‘ਚ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਬੈਠਕ ਵਿਚ ਗੱਲਬਾਤ ਦੇ ਮੁੱਦਿਆਂ ‘ਚ ਇਹ ਵਿਸ਼ਾ ਵੀ ਸ਼ਾਮ ਸੀ। ਈ-ਵੀਜ਼ਾ ਦੀ ਘੋਸ਼ਣਾ ਤੋਂ ਪਹਿਲਾਂ, ਭਾਰਤੀ ਵੀਜ਼ਾ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਗਏ। ਇਨ੍ਹਾਂ ਵਿਚ ਕੇਂਦਰੀ ਲੰਡਨ ਵਿਚ ਇੱਕ ਨਵਾਂ ਭਾਰਤੀ ਵੀਜ਼ਾ ਕੇਂਦਰ ਖੋਲ੍ਹਣਾ ਅਤੇ ‘ਵੀਜ਼ਾ ਐਟ ਹੋਮ’ ਸਹੂਲਤ ਦੀ ਸ਼ੁਰੂਆਤ ਸ਼ਾਮਲ ਹੈ। ਕੋਵਿਡ ਮਹਾਮਾਰੀ ਦੇ ਬਾਅਦ ਯੂ.ਕੇ. ਤੋਂ ਭਾਰਤ ਦੀ ਯਾਤਰਾ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਇਹ ਕਦਮ ਚੁੱਕੇ ਜਾ ਰਹੇ ਹਨ।