ਭਾਰਤ-ਪਾਕਿ ਵੰਡ ਤੋਂ ਬਾਅਦ ਬੰਦ ਪਏ ਗੁਰਦੁਆਰਾ ਚੋਆ ਸਾਹਿਬ ਨਵ-ਉਸਾਰੀ ਮਗਰੋਂ ਸੰਗਤਾਂ ਲਈ ਮੁਡ਼ ਖੋਲ੍ਹਿਆ

716
ਜਿਹਲਮ ਵਿਚਲਾ ਗੁਰਦੁਆਰਾ ਚਸ਼ਮਾ ਸਾਹਿਬ।
Share

ਅੰਮ੍ਰਿਤਸਰ, 28 ਜੁਲਾਈ (ਪੰਜਾਬ ਮੇਲ)-ਪਾਕਿਸਤਾਨ ਦੇ ਜ਼ਿਲ੍ਹਾ ਜਿਹਲਮ ਦੀ ਤਹਿਸੀਲ ਦੀਨਾ ਵਿਚਲੇ ਇਤਿਹਾਸਕ ਰੋਹਤਾਸ ਕਿਲ੍ਹੇ ‘ਚ ਸਥਾਪਿਤ ਦੇਸ਼ ਦੀ ਵੰਡ ਦੇ ਬਾਅਦ ਤੋਂ ਬੰਦ ਪਏ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਚੋਆ ਸਾਹਿਬ ਦੀ ਨਵ-ਉਸਾਰੀ ਅਤੇ ਸੁੰਦਰੀਕਰਨ ਦੀ ਕਾਰਵਾਈ ਮੁਕੰਮਲ ਕਰਨ ਉਪਰੰਤ ਸੰਗਤ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਲਾਹੌਰ ਤੋਂ ਬਾਬਰ ਜਲੰਧਰੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨਾਲ ਸਬੰਧਿਤ ਗੁਰਦੁਆਰਾ ਚੋਆ ਸਾਹਿਬ (ਚਸ਼ਮਾ ਸਾਹਿਬ) ਸ਼ੇਰਸ਼ਾਹ ਸੂਰੀ ਦੁਆਰਾ ਬਣਵਾਏ ਕਿਲ੍ਹਾ ਰੋਹਤਾਸ ‘ਚ ਮੌਜੂਦ ਹੈ ਅਤੇ ਇਸ ਦੀ ਨਵਉਸਾਰੀ ਸ਼ੁਰੂ ਕੀਤੇ ਜਾਣ ਦਾ ਉਦਘਾਟਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਡਾ: ਆਮਿਰ ਅਹਿਮਦ ਵਲੋਂ ਪਿਛਲੇ ਵਰ੍ਹੇ ਕੀਤਾ ਗਿਆ ਸੀ। ਗੁਰਦੁਆਰਾ ਸਾਹਿਬ ਦੇ ਇਲਾਵਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਤਿਹਾਸਕ ਸਰੋਵਰ ਦੀ ਵੀ ਸੇਵਾ ਮੁਕੰਮਲ ਕਰ ਲਈ ਗਈ ਹੈ ਅਤੇ ਨਿਸ਼ਾਨ ਸਾਹਿਬ ਸਥਾਪਤ ਕਰਨ ਲਈ ਥਡ਼੍ਹਾ ਵੀ ਤਿਆਰ ਕਰ ਲਿਆ ਗਿਆ ਹੈ। ਚੇਅਰਮੈਨ ਡਾ: ਆਮਿਰ ਅਹਿਮਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਨਿਰਦੇਸ਼ਾਂ ਹੇਠ ਪਾਕਿ ‘ਚ ਘੱਟ-ਗਿਣਤੀ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਨਮਾਨ ਦਿੰਦਿਆਂ ਜਲਦੀ ਜ਼ਿਲ੍ਹਾ ਜਿਹਲਮ ਵਿਚਲੇ ਗੁਰਦੁਆਰਾ ਭਾਈ ਕਰਮ ਸਿੰਘ ਆਹਲੂਵਾਲੀਆ ਅਤੇ ਇਤਿਹਾਸਿਕ ਰੋਹਤਾਸ ਕਿਲ੍ਹੇ ਦੇ ਨਜ਼ਦੀਕ ਸਥਾਪਤ ਜਨਮ ਅਸਥਾਨ ਮਾਤਾ ਸਾਹਿਬ ਕੌਰ ਖੋਲ੍ਹੇ ਜਾ ਰਹੇ ਹਨ।


Share