ਭਾਰਤ-ਪਾਕਿ ਜੰਗਬੰਦੀ ਨੇ ਸ਼ਾਂਤੀ ਦੀ ਭਾਵਨਾ ‘ਚ ਯੋਗਦਾਨ ਪਾਇਆ-ਫ਼ੌਜ ਮੁਖੀ

89
Share

ਨਵੀਂ ਦਿੱਲੀ, 30 ਮਈ (ਪੰਜਾਬ ਮੇਲ)- ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਜੰਮੂ ਕਸ਼ਮੀਰ ‘ਚ ਕੰਟਰੋਲ ਰੇਖਾ (ਐਲ.ਓ.ਸੀ.) ਉੱਤੇ ਭਾਰਤ ਤੇ ਪਾਕਿਸਤਾਨੀ ਫ਼ੌਜਾਂ ਵਿਚਾਲੇ ਜੰਗਬੰਦੀ ਨੇ ਸ਼ਾਂਤੀ ਤੇ ਸੁਰੱਖਿਆ ਦੀ ਭਾਵਨਾ ‘ਚ ਯੋਗਦਾਨ ਪਾਇਆ ਹੈ | ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਆਮ ਬਣਾਉਣ ਦੀ ਦਿਸ਼ਾ ‘ਚ ਇਕ ਲੰਬੀ ਰਾਹ ‘ਚ ਇਹ ਪਹਿਲਾ ਕਦਮ ਹੈ | ਜਨਰਲ ਨਰਵਾਣੇ ਨੇ ਇਕ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਜੰਗਬੰਦੀ ਦਾ ਮਤਲਬ ਇਹ ਨਹੀਂ ਕਿ ਅੱਤਵਾਦ ਦੇ ਖ਼ਿਲਾਫ਼ ਭਾਰਤ ਦੀ ਲੜਾਈ ਰੁਕ ਗਈ ਹੈ | ਉਨ੍ਹਾਂ ਕਿਹਾ ਕਿ ਇਹ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਹੈ ਕਿ ਪਾਕਿਸਤਾਨੀ ਫ਼ੌਜ ਵਲੋਂ ਕੰਟਰੋਲ ਰੇਖਾ ‘ਤੇ ਅੱਤਵਾਦੀ ਢਾਂਚੇ ਨੂੰ ਖਤਮ ਕਰ ਦਿੱਤਾ ਗਿਆ ਹੈ | ਫ਼ੌਜ ਮੁਖੀ ਨੇ ਕਿਹਾ ਕਿ ਜੰਮੂ ਕਸ਼ਮੀਰ ‘ਚ ਘੁਸਪੈਠ ਦੀਆਂ ਕੋਸ਼ਿਸ਼ਾਂ ਤੇ ਅੱਤਵਾਦੀ ਘਟਨਾਵਾਂ ‘ਚ ਕਟੌਤੀ ‘ਚ ਨਿਰੰਤਰਤਾ ਭਾਰਤ ਨੂੰ ਚੰਗੇ ਗੁਆਂਢੀ ਸਬੰਧਾਂ ਨੂੰ ਬੜਾਵਾ ਦੇਣ ਦੇ ਭਰੋਸੇ ਨੂੰ ਅੱਗੇ ਵਧਾਏਗੀ | ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਨੇ ਕੰਟਰੋਲ ਰੇਖਾ ‘ਤੇ ਜੰਗਬੰਦੀ ਸਮਝੌਤੇ ਦੀ ਸਖ਼ਤੀ ਨਾਲ ਪਾਲਣਾਂ ਕਰਨ ‘ਤੇ 25 ਫਰਵਰੀ ਨੂੰ ਸਹਿਮਤੀ ਜਤਾਈ ਸੀ |


Share