ਭਾਰਤ ਨੇ ਕੌਮਾਂਤਰੀ ਉਡਾਣਾਂ ’ਤੇ ਜਾਰੀ ਪਾਬੰਦੀ ਨੂੰ 31 ਮਾਰਚ ਤੱਕ ਵਧਾਇਆ

282
Share

-ਕਰੋਨਾ ਸੰਬੰਧੀ ਦਿਸ਼ਾ-ਨਿਰਦੇਸ਼ 31 ਮਾਰਚ ਤੱਕ ਲਾਗੂ ਰਹਿਣਗੇ
ਨਵੀਂ ਦਿੱਲੀ, 1 ਮਾਰਚ (ਪੰਜਾਬ ਮੇਲ)- ਭਾਰਤ ’ਤੇ ਕੋਰੋਨਾਵਾਇਰਸ ਨੂੰ ਲੈ ਕੇ ਕੇਂਦਰ ਸਰਕਾਰ ਕਾਫੀ ਸਖ਼ਤ ਰੁਖ ਅਪਣਾ ਰਹੀ ਹੈ। ਗ੍ਰਹਿ ਮੰਤਰਾਲੇ ਨੇ ਆਦੇਸ਼ ਜਾਰੀ ਕਰ ਕਿਹਾ ਹੈ ਕਿ ਮੌਜੂਦਾ ਕੋਵਿਡ ਸਬੰਧੀ ਦਿਸ਼ਾ-ਨਿਰਦੇਸ਼ ਆਉਣ ਵਾਲੀ 31 ਮਾਰਚ ਤੱਕ ਜਾਰੀ ਰਹਿਣਗੇ। ਦੱਸ ਦੇਈਏ ਕਿ ਕੁਝ ਮਹੀਨਿਆਂ ’ਚ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ’ਚ ਕਮੀ ਦਰਜ ਕੀਤੀ ਜਾ ਰਹੀ ਸੀ। ਬੀਤੇ ਦਿਨਾਂ ’ਚ ਇਨ੍ਹਾਂ ’ਚ ਫਿਰ ਤੋਂ ਇਜਾਫ਼ਾ ਦੇਖਿਆ ਗਿਆ ਹੈ। ਗ੍ਰਹਿ ਮੰਤਰਾਲੇ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਗਏ ਨਿਰਦੇਸ਼ ਵਿਚ ਕਿਹਾ ਹੈ ਕਿ 27 ਜਨਵਰੀ, 2021 ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਨਿਗਰਾਨੀ, ਰੈਗੂਲੇਸ਼ਨ ਆਦਿ ਦੇ ਜੋ ਉਪਾਅ ਦੱਸੇ ਗਏ ਸਨ, ਉਨ੍ਹਾਂ ਦੀ ਸਖ਼ਤਾਈ ਨਾਲ ਪਾਲਣਾ ਕਰਨ ਦੀ ਜ਼ਰੂਰਤ ਹੈ।
ਡੀ.ਜੀ.ਸੀ.ਏ. ਨੇ ਵੀ ਕੌਮਾਂਤਰੀ ਉਡਾਣਾਂ ’ਤੇ ਜਾਰੀ ਪਾਬੰਦੀ ਨੂੰ 31 ਮਾਰਚ ਤੱਕ ਵਧਾ ਦਿੱਤਾ ਹੈ। ਦੇਸ਼ ਵਿਚ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ 23 ਮਾਰਚ ਤੋਂ ਨਿਯਮਤ ਕੌਮਾਂਤਰੀ ਉਡਾਣ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸਿਵਲ ਏਵੀਏਸ਼ਨ ਡਾਇਰੈਕਟੋਰੇਟ ਅਨੁਸਾਰ, 26 ਜੂਨ 2020 ਨੂੰ ਜਾਰੀ ਸਰਕੂਲਰ ’ਚ ਅੰਸ਼ਕ ਸੋਧ ਕਰ ਕੇ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ ਵਧਾ ਕੇ 31 ਮਾਰਚ, 2021 ਨੂੰ ਰਾਤ 23.59 ਵਜੇ ਤੱਕ ਕਰ ਦਿੱਤੀ ਹੈ। ਹਾਲਾਂਕਿ ਇਸ ਦੌਰਾਨ ਕੁਝ ਚੋਣਵੇਂ ਰੂਟਾਂ ’ਤੇ ਯਾਤਰੀ ਉਡਾਣਾਂ ਜਾਰੀ ਰਹਿਣਗੀਆਂ। ਨਾਲ ਹੀ ਕਾਰਗੋ ਉਡਾਣਾਂ ’ਤੇ ਪਾਬੰਦੀ ਲਾਗੂ ਨਹੀਂ ਹੋਵੇਗੀ।

Share