ਭਾਰਤ ਨੂੰ ਅਗਲੇ ਕੁੱਝ ਮਹੀਨਿਆਂ ਤੱਕ ਕਰਨਾ ਪੈ ਸਕਦੈ ਵੈਕਸੀਨ ਦੀ ਕਮੀ ਦਾ ਸਾਹਮਣਾ : ਪੂਨਾਵਾਲਾ

84
Share

ਲੰਡਨ, 6 ਮਈ (ਪੰਜਾਬ ਮੇਲ)-ਹਸਪਤਾਲਾਂ ’ਚ ਬੈੱਡ ਅਤੇ ਆਕਸਜੀਨ ਦੀ ਕਮੀ ਤੋਂ ਬਾਅਦ ਹੁਣ ਦੇਸ਼ ਕੋਰੋਨਾ ਵੈਕਸੀਨ ਦੀ ਕਿੱਲਤ ਨਾਲ ਜੂਝ ਰਿਹਾ ਹੈ। ਕਈ ਰਾਜਾਂ ’ਚ ਟੀਕਿਆਂ ਦੀ ਕਮੀ ਦੇ ਕਾਰਨ 18 ਸਾਲ ਤੋਂ ਵੱਧ ਉਮਰ ਵਾਲਿਆਂ ਦਾ ਟੀਕਾਕਰਨ ਹੀ ਸ਼ੁਰੂ ਨਹੀਂ ਹੋ ਸਕਿਆ। ਹੁਣ ਵੈਕਸੀਨ ਦੀ ਕਮੀ ਬਾਰੇ ਸੀਰਮ ਇੰਸਚੀਟਿਊਟ ਦੇ ਸੀ. ਈ.ਓ. ਅਦਾਰ ਪੂਨਾਵਾਲਾ ਦਾ ਕਹਿਣਾ ਹੈ ਕਿ ਭਾਰਤ ਨੂੰ ਅਗਲੇ ਕੁਝ ਮਹੀਨਿਆਂ ਤੱਕ ਵੈਕਸੀਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੂਨਾਵਾਲਾ ਨੇ ਕਿਹਾ ਕਿ 10 ਕਰੋੜ ਵੈਕਸੀਨ ਤਿਆਰ ਕਰਨ ਦੀ ਸਮਰੱਥਾ ਜੁਲਾਈ ਤੋਂ ਪਹਿਲਾਂ ਨਹੀਂ ਵਧਣ ਵਾਲੀ।
ਦੱਸਣਯੋਗ ਹੈ ਕਿ ਮੌਜੂਦਾ ਸਮੇਂ 6 ਤੋਂ 7 ਕਰੋੜ ਵੈਕਸੀਨ ਦਾ ਉਤਪਾਦਨ ਹੋ ਰਿਹਾ ਹੈ। ਇਕ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਪੂਨਾਵਾਲਾ ਨੇ ਕਿਹਾ ਕਿ ਸੀਰਮ ਨੇ ਆਰਡਰ ਦੀ ਕਮੀ ਕਾਰਨ ਪਹਿਲਾਂ ਸਮਰੱਥਾ ਦਾ ਵਿਸਥਾਰ ਨਹੀਂ ਕੀਤਾ ਸੀ, ਲਿਹਾਜ਼ਾ ਵੈਕਸੀਨ ਦੀ ਕਮੀ ਦਾ ਸੰਕਟ ਜੁਲਾਈ ਤੱਕ ਜਾਰੀ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਕੋਲ ਜ਼ਿਆਦਾ ਆਰਡਰ ਨਹੀਂ ਸੀ। ਸਾਨੂੰ ਨਹੀਂ ਲੱਗਦਾ ਸੀ ਕਿ ਇਕ ਸਾਲ ’ਚ 100 ਕਰੋੜ ਤੋਂ ਵੱਧ ਖੁਰਾਕਾਂ ਬਣਾਉਣ ਦੀ ਜ਼ਰੂਰਤ ਹੈ। ਅਧਿਕਾਰੀਆਂ ਨੂੰ ਵੀ ਜਨਵਰੀ ’ਚ ਦੂਸਰੀ ਲਹਿਰ ਦੀ ਉਮੀਦ ਨਹੀਂ ਸੀ। ਹਰ ਕੋਈ ਅਸਲ ’ਚ ਮਹਿਸੂਸ ਕਰ ਰਿਹਾ ਸੀ ਕਿ ਭਾਰਤ ’ਚ ਮਹਾਮਾਰੀ ਖਤਮ ਹੋਣ ਦੇ ਕਗਾਰ ’ਤੇ ਹੈ। ਇਸ ਲਈ ਵੈਕਸੀਨ ਦਾ ਉਤਪਾਦਨ ਨਹੀਂ ਵਧਾਇਆ ਗਿਆ। ਵੈਕਸੀਨ ਦੀ ਕਮੀ ਲਈ ਸੀਰਮ ਨੂੰ ਦੋਸ਼ੀ ਠਹਿਰਾਏ ਜਾਣ ’ਤੇ ਪੂਨਾਵਾਲਾ ਨੇ ਕਿਹਾ ਕਿ ਵੈਕਸੀਨ ਨੀਤੀ ਸਰਕਾਰ ਵੱਲੋਂ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਟੀਕੇ ਦੀ ਕਿੱਲਤ ਲਈ ਮੇਰੀ ਆਲੋਚਨਾ ਕੀਤੀ ਗਈ, ਮੇਰੇ ’ਤੇ ਸਵਾਲ ਉਠਾਏ ਗਏ ਜਦਕਿ ਸੱਚਾਈ ਇਹ ਹੈ ਕਿ ਪਹਿਲਾਂ ਵੈਕਸੀਨ ਦੀ ਮੰਗ ਹੀ ਨਹੀਂ ਸੀ, ਸਾਨੂੰ ਇਹ ਨਹੀਂ ਲੱਗਾ ਸੀ ਕਿ ਕਦੇ ਇੰਨੇ ਵੱਡੇ ਪੈਮਾਨੇ ’ਤੇ ਵੈਕਸੀਨ ਦੀ ਲੋੜ ਪਵੇਗੀ।

Share