ਭਾਰਤ ਦੌਰਾ ‘ਬਹੁਤ ਸਫ਼ਲ’ ਰਿਹਾ: : ਟਰੰਪ

750

ਵਾਸ਼ਿੰਗਟਨ, 27 ਫਰਵਰੀ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ‘ਭਾਰਤ ਮਹਾਨ ਮੁਲਕ ਹੈ’ ਅਤੇ ਉਸ ਦਾ ਭਾਰਤ ਦੌਰਾ ‘ਬਹੁਤ ਸਫ਼ਲ’ ਰਿਹਾ। ਉਹ 24 ਤੇ 25 ਫਰਵਰੀ ਨੂੰ ਦੋ ਦਿਨਾਂ ਦੌਰੇ ‘ਤੇ ਭਾਰਤ ਆਏ ਸਨ। ਉਨ੍ਹਾਂ ਦੇ ਨਾਲ ਪ੍ਰਥਮ ਮਹਿਲਾ ਮੇਲਾਨੀਆ ਤੇ ਉੱਚ ਪੱਧਰੀ ਵਫ਼ਦ ਵੀ ਸੀ, ਜਿਸ ਵਿਚ ਸੀਨੀਅਰ ਅਮਰੀਕੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਰੌਬਰਟ ਓ ਬ੍ਰਾਇਨ ਵੀ ਸ਼ਾਮਲ ਸਨ। ਵਾਸ਼ਿੰਗਟਨ ਪਰਤਣ ਤੋਂ ਪਹਿਲਾਂ ਉਹ ਅਹਿਮਦਾਬਾਦ, ਆਗਰਾ ਅਤੇ ਦਿੱਲੀ ਵੀ ਗਏ। ਭਾਰਤ ਦੇ 36 ਘੰਟਿਆਂ ਦੇ ਦੌਰੇ ਉਪਰੰਤ ਵਾਸ਼ਿੰਗਟਨ ਪਹੁੰਚੇ ਟਰੰਪ ਨੇ ਟਵੀਟ ਕੀਤਾ ਕਿ ਉਨ੍ਹਾਂ ਦਾ ਭਾਰਤ ਦਾ ਦੌਰਾ ਬਹੁਤ ਸਫ਼ਲ ਰਿਹਾ। ਉਧਰ, ਟਰੰਪ ਦੇ ਅਮਰੀਕਾ ਲਈ ਰਵਾਨਾ ਹੋਣ ਬਾਅਦ ਕੀਤੇ ਟਵੀਟਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਦਾ ਭਾਰਤ ਆਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਦੌਰਾ ਇਤਿਹਾਸਕ ਸੀ।
ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਦਾ ਭਾਰਤ ਦੌਰਾ ਖਤਮ ਹੁੰਦੇ ਹੀ ਭਾਜਪਾ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਰਾਸ਼ਟਰਪਤੀ ਭਵਨ ਵਿਚ ਦਿੱਤੀ ਦਾਅਵਤ ਵਿਚ ਹਿੱਸਾ ਨਾ ਲੈਣ ਲਈ ਕਾਂਗਰਸ ‘ਤੇ ਹਮਲਾ ਬੋਲਿਆ। ਭਾਜਪਾ ਨੇ ਦੋਸ਼ ਲਾਇਆ ਕਿ ਕਾਂਗਰਸ ਕੌਮੀ ਹਿੱਤਾਂ ਦੀ ਥਾਂ ਪਰਿਵਾਰਕ ਹਿੱਤਾਂ ਨੂੰ ਵਧਰੇ ਤਰਜੀਹ ਦਿੰਦੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਨੂੰ ਸੱਦਾ ਨਾ ਦਿੱਤੇ ਜਾਣ ਕਾਰਨ ਕਾਂਗਰਸੀ ਆਗੂ ਇਸ ਦਾਅਵਤ ਵਿਚ ਸ਼ਾਮਲ ਨਹੀਂ ਹੋਏ ਸਨ। ਸੀਨੀਅਰ ਭਾਜਪਾ ਆਗੂ ਅਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੌਰਾਨ ਵੀ ਅਮਰੀਕੀ ਰਾਸ਼ਟਰਪਤੀਆਂ ਜਾਰਜ ਬੁਸ਼ ਅਤੇ ਬਰਾਕ ਓਬਾਮਾ ਦੇ ਸਨਮਾਨ ਵਿਚ ਦਿੱਤੀਆਂ ਦਾਅਵਤਾਂ ਵਿਚ ਭਾਜਪਾ ਪ੍ਰਧਾਨ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ।