ਭਾਰਤ ਦੇ 90% ਫੀਸਦੀ ਕਰੋਨਾ ਮਰੀਜ਼ਾਂ ‘ਚ ਸਿਰਫ਼ ਮਾਮੂਲੀ ਲੱਛਣ!

1121
Share

ਨਵੀਂ ਦਿੱਲੀ, 4 ਜੂਨ (ਪੰਜਾਬ ਮੇਲ)- ਭਾਰਤ ਵਿਚ ਕੋਰੋਨਾ ਭਾਵੇਂ ਹੁਣ ਵਧੇਰੇ ਲੋਕਾਂ ਨੂੰ ਆਪਣੀ ਲਪੇਟ ‘ਚ ਲੈਂਦਾ ਜਾਪਦਾ ਹੈ ਪਰ ਇਹ ਵੀ ਇਕ ਤੱਥ ਹੈ ਕਿ ਹੁਣ 90 ਫ਼ੀਸਦੀ ਤੋਂ ਵੱਧ ਮਰੀਜ਼ਾਂ ਵਿਚ ਸਿਰਫ਼ ਮਾਮੂਲੀ ਤੇ ਹਲਕੇ ਲੱਛਣ ਹੀ ਵਿਖਾਈ ਦੇ ਰਹੇ ਹਨ। ਇਹ ਪ੍ਰਗਟਾਵਾ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼’ (ਏਮਸ) ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕੀਤਾ ਹੈ।
ਡਾ. ਗੁਲੇਰੀਆ ਮੁਤਾਬਕ ਸ਼ੁਰੂ ਵਿਚ ਇਹ ਵਾਇਰਸ ਗੰਭੀਰ ਲੱਛਣਾਂ ਵਾਲਾ ਸੀ। ਉਸ ਤੋਂ ਪ੍ਰਭਾਵਿਤ ਲੋਕਾਂ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਸੀ; ਇਸੇ ਲਈ ਉਹ ਜ਼ਿਆਦਾ ਨਹੀਂ ਫੈਲਿਆ। ਜੇ ਅਸੀਂ ਹੌਟਸਪੌਟ ਸਥਾਨਾਂ ਉੱਤੇ ਕਾਬੂ ਪਾ ਲਿਆ, ਤਾਂ ਇਸ ਰੋਗ ਦਾ ਸਿਖ਼ਰ ਦੋ ਤੋਂ ਤਿੰਨ ਹਫ਼ਤਿਆਂ ਵਿਚ ਆ ਜਾਵੇਗਾ। ਕੇਸ ਘੱਟ ਹੋਣ ਤੇ ਦੁੱਗਣਾ ਹੋਣ ਵਿਚ ਜ਼ਿਆਦਾ ਸਮਾਂ ਲੱਗੇਗਾ, ਤਾਂ ਸਿਖ਼ਰ ਛੇਤੀ ਆਵੇਗਾ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਆਈ.ਸੀ.ਯੂ. ਵੈਂਟੀਲੇਟਰ ਵਾਲੇ ਮਰੀਜ਼ ਘੱਟ ਹਨ। ਭਾਰਤੀਆਂ ਵਿਚ ਰੋਗ ਪ੍ਰਤੀਰੋਧਕ ਸਮਰੱਥਾ ਵੱਧ ਹੈ ਭਾਵ ਉਨ੍ਹਾਂ ਵਿਚ ਰੋਗਾਂ ਨਾਲ ਲੜਨ ਦੀ ਤਾਕਤ ਵੱਧ ਹੈ ਕਿਉਂਕਿ ਇਥੇ ਬੀ.ਸੀ.ਜੀ. ਵੈਕਸੀਨ ਲੱਗਦੀ ਹੈ। ਡਾ. ਗੁਲੇਰੀਆ ਨੇ ਕਿਹਾ ਕਿ ਹਾਈਡ੍ਰੌਕਸੀਕਲੋਰੋਕੁਇਨ ਅਤੇ ਰੈਮਡਿਸਵੀਰ ਦਵਾਈਆਂ ਉੱਤੇ ਪ੍ਰੀਖਣ ਚੱਲ ਰਹੇ ਹਨ। ਰੈਮਡਿਸਵੀਰ ਨਾਲ ਰੋਗੀਆਂ ਦਾ ਹਸਪਤਾਲ ਵਿਚ ਰੁਕਣ ਦਾ ਸਮਾਂ ਘਟਦਾ ਹੈ ਪਰ ਗੰਭੀਰ ਮਰੀਜ਼ਾਂ ਵਿਚ ਮੌਤ ਦਰ ਘੱਟ ਹੁੰਦੀ ਹੋਵੇ, ਅਜਿਹਾ ਨਹੀਂ ਹੈ। ਹਾਈਡ੍ਰੌਕਸੀਕਲੋਰੋਕੁਇਨ ਹਲਕੇ ਲੱਛਣ ਵਾਲੇ ਸਿਹਤ ਕਰਮਚਾਰੀਆਂ ਲਈ ਲਾਭਦਾਇਕ ਰਹੀ ਹੈ। ਏਮਜ਼ ਵਿਚ ਹਾਲੇ ਓ.ਪੀ.ਡੀ. ਅਤੇ ਸਰਜਰੀ ਸ਼ੁਰੂ ਹੋਣ ਵਿਚ ਸਮਾਂ ਲੱਗ ਸਕਦਾ ਹੈ। ਡਾ. ਗੁਲੇਰੀਆ ਨੇ ਕਿਹਾ ਕਿ ਸਮੁੱਚੇ ਭਾਰਤ ‘ਚ ਹਾਲੇ ਸਮਾਜਕ ਭਾਈਚਾਰਿਆਂ ਵਿਚ ਕੋਰੋਨਾ ਨਹੀਂ ਫੈਲਣ ਲੱਗਾ ਪਰ ਕੁਝ ਸ਼ਹਿਰਾਂ ਵਿਚ ਜਿੱਥੇ ਹੌਟਸਪੌਟ ਹਨ, ਉੱਥੇ ਉਹ ਜ਼ਰੂਰ ਹੈ। ਅਜਿਹੇ ਸਥਾਨਾਂ ‘ਤੇ ਉਹ ਲੜੀ ਤੋੜਨ ਦੀ ਜ਼ਰੂਰਤ ਹੈ। ਲੋਕਾ ਨੂੰ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਜੇ ਲੋਕਾਂ ਨੇ ਧਿਆਨ ਨਾ ਰੱਖਿਆ, ਤਾਂ ਦੋ ਹਫ਼ਤਿਆਂ ਵਿਚ ਇਸ ਦਾ ਅਸਰ ਦਿਸੇਗਾ।


Share