ਭਾਰਤ ਦੇ ਰਾਸ਼ਟਰਪਤੀ ਅਹੁਦੇ ਲਈ ਦਰੋਪਦੀ ਮੁਰਮੂ ਅਤੇ ਯਸ਼ਵੰਤ ਸਿਨਹਾ ਆਹਮੋ-ਸਾਹਮਣੇ

103
ਯਸ਼ਵੰਤ ਸਿਨਹਾ, ਦਰੌਪਦੀ ਮੁਰਮੂ
Share

– ਰਾਸ਼ਟਰਪਤੀ ਚੋਣਾਂ 18 ਜੁਲਾਈ ਨੂੰ
-ਕਾਂਗਰਸ, ਟੀ.ਐੱਮ.ਸੀ. ਤੇ ‘ਸਪਾ’ ਸਮੇਤ 13 ਵਿਰੋਧੀ ਪਾਰਟੀਆਂ ਨੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਦੇ ਨਾਂ ’ਤੇ ਲਾਈ ਮੋਹਰ
ਨਵੀਂ ਦਿੱਲੀ, 22 ਜੂਨ (ਪੰਜਾਬ ਮੇਲ)- ਭਾਰਤ ਦੇ ਰਾਸ਼ਟਰਪਤੀ ਅਹੁਦੇ ਲਈ ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ. ਨੇ ਦਰੋਪਦੀ ਮੁਰਮੂ ਨੂੰ ਉਮੀਦਵਾਰ ਨਾਮਜ਼ਦ ਕੀਤਾ ਹੈ, ਜਦਕਿ ਕਾਂਗਰਸ, ਤਿ੍ਰਣਮੂਲ ਕਾਂਗਰਸ ਤੇ ਸਮਾਜਵਾਦੀ ਪਾਰਟੀ ਸਣੇ 13 ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਹੋਣ ਵਾਲੀ ਚੋਣ ’ਚ ਵਿਰੋਧੀ ਧਿਰ ਦੇ ਉਮੀਦਵਾਰ ਵਜੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ (84) ਦੇ ਨਾਂ ’ਤੇ ਮੋਹਰ ਲਾਈ ਹੈ।
ਐੱਨ.ਡੀ.ਏ. ਦੀ ਉਮੀਦਵਾਰ ਦਰੌਪਦੀ ਮੁਰਮੂ ਝਾਰਖੰਡ ਦੇ ਰਾਜਪਾਲ ਰਹਿ ਚੁੱਕੇ ਹਨ। ਉਨ੍ਹਾਂ ਦੀ ਉਮੀਦਵਾਰੀ ਬਾਰੇ ਐਲਾਨ ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਕੀਤਾ। ਜ਼ਿਕਰਯੋਗ ਹੈ ਕਿ ਮੁਰਮੂ ਉੜੀਸਾ ਨਾਲ ਸਬੰਧਤ ਭਾਜਪਾ ਦੀ ਕਬਾਇਲੀ ਆਗੂ ਹਨ। ਮੁਰਮੂ (64) ਪਹਿਲੀ ਕਬਾਇਲੀ ਮਹਿਲਾ ਹੋਣਗੇ, ਜੋ ਚੁਣੇ ਜਾਣ ਦੀ ਸੂਰਤ ਵਿਚ ਇਸ ਸਿਖ਼ਰਲੇ ਸੰਵਿਧਾਨਕ ਅਹੁਦੇ ’ਤੇ ਬੈਠਣਗੇ। ਸੰਸਦੀ ਬੋਰਡ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕੇਂਦਰੀ ਮੰਤਰੀਆਂ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਨਿਤਿਨ ਗਡਕਰੀ, ਭਾਜਪਾ ਪ੍ਰਧਾਨ ਜੇ.ਪੀ. ਨੱਢਾ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ’ਤੇ ਫ਼ੈਸਲਾ ਕਰਨ ਲਈ ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ ਵੱਲੋਂ ਸੱਦੀ ਗਈ ਬੈਠਕ ’ਚ ਸੰਸਦ ਭਵਨ ’ਚ ਇਕੱਤਰ ਹੋਏ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਿਨਹਾ ਦੇ ਨਾਂ ਉਤੇ ਸਹਿਮਤੀ ਜ਼ਾਹਿਰ ਕੀਤੀ। ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਨੇ ਬੈਠਕ ਤੋਂ ਬਾਅਦ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ, ‘ਸਾਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਸਰਬਸੰਮਤੀ ਨਾਲ ਯਸ਼ਵੰਤ ਸਿਨਹਾ ਨੂੰ 18 ਜੁਲਾਈ ਨੂੰ ਹੋਣ ਵਾਲੀ ਚੋਣ ਲਈ ਵਿਰੋਧੀ ਧਿਰਾਂ ਦੇ ਉਮੀਦਵਾਰ ਦੇ ਰੂਪ ਵਿਚ ਚੁਣਿਆ ਹੈ।’ ਬਿਆਨ ਵਿਚ ਕਿਹਾ ਗਿਆ ਕਿ, ‘ਆਪਣੇ ਲੰਮੇ ਜਨਤਕ ਜੀਵਨ ਤੇ ਪ੍ਰਾਪਤੀਆਂ ਨਾਲ ਭਰੇ ਕਰੀਅਰ ਵਿਚ ਸਿਨਹਾ ਨੇ ਵੱਖ-ਵੱਖ ਸਮਰੱਥਾ ਵਿਚ ਇਕ ਕੁਸ਼ਲ ਪ੍ਰਸ਼ਾਸਕ, ਸੰਸਦ ਮੈਂਬਰ ਵਜੋਂ ਕੰਮ ਕੀਤਾ। ਕੇਂਦਰੀ ਵਿੱਤ ਤੇ ਵਿਦੇਸ਼ ਮੰਤਰੀ ਵਜੋਂ ਵੀ ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਰਿਹਾ। ਉਹ ਭਾਰਤ ਦੇ ਧਰਮ ਨਿਰਪੱਖ, ਲੋਕਤੰਤਰਿਕ ਤਾਣੇ-ਬਾਣੇ ਨੂੰ ਕਾਇਮ ਰੱਖਣ ਲਈ ਵਿਸ਼ੇਸ਼ ਤੌਰ ਉਤੇ ਯੋਗ ਹਨ।’ ਜੈਰਾਮ ਰਮੇਸ਼ ਨੇ ਇਕ ਬਿਆਨ ’ਚ ਕਿਹਾ ਕਿ ਅਸੀਂ ਭਾਜਪਾ ਤੇ ਉਸ ਦੇ ਸਹਿਯੋਗੀਆਂ ਤੋਂ ਰਾਸ਼ਟਰਪਤੀ ਦੇ ਰੂਪ ’ਚ ਯਸ਼ਵੰਤ ਸਿਨਹਾ ਦੇ ਸਮਰਥਨ ਦੀ ਅਪੀਲ ਕਰਦੇ ਹਾਂ, ਤਾਂ ਕਿ ਇਕ ਯੋਗ ਰਾਸ਼ਟਰਪਤੀ ਨੂੰ ਬਿਨਾਂ ਵਿਰੋਧ ਚੁਣਿਆ ਜਾ ਸਕੇ। ਰਮੇਸ਼ ਨੇ ਵਿਰੋਧੀ ਧਿਰ ਦਾ ਸਾਂਝਾ ਬਿਆਨ ਪੜ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਮੋਦੀ ਸਰਕਾਰ ਨੇ ਰਾਸ਼ਟਰਪਤੀ ਉਮੀਦਵਾਰ ਬਾਰੇ ਆਮ ਸਹਿਮਤੀ ਬਣਾਉਣ ਲਈ ਕੋਈ ਗੰਭੀਰ ਯਤਨ ਨਹੀਂ ਕੀਤਾ।¿;
ਵੇਰਵਿਆਂ ਮੁਤਾਬਕ ਐੱਨ.ਡੀ.ਏ. ਵੱਲੋਂ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਜੇ.ਪੀ. ਨੱਢਾ ਨੇ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨਾਲ ਵੀ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਭਾਜਪਾ ਨਾਇਡੂ ਨੂੰ ਵੀ ਦੇਸ਼ ਦੇ ਇਸ ਚੋਟੀ ਦੇ ਸੰਵਿਧਾਨਕ ਅਹੁਦੇ ਲਈ ਉਮੀਦਵਾਰ ਬਣਾ ਸਕਦੀ ਹੈ। ਦੱਸਣਯੋਗ ਹੈ ਕਿ ਵਿਰੋਧੀ ਧਿਰ ਵੱਲੋਂ ਸਿਨਹਾ ਦਾ ਨਾਂ ਪਵਾਰ, ਗੋਪਾਲਕਿ੍ਰਸ਼ਨ ਗਾਂਧੀ ਤੇ ਫਾਰੂਕ ਅਬਦੁੱਲਾ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੀ ਪੇਸ਼ਕਸ਼ ਸਵੀਕਾਰ ਨਾ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ। ਵਿਰੋਧੀ ਧਿਰਾਂ ਦੀ ਬੈਠਕ ’ਚ ਐੱਨ.ਸੀ.ਪੀ., ਟੀ.ਐੱਮ.ਸੀ. (ਤਿ੍ਰਣਮੂਲ ਕਾਂਗਰਸ), ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.), ਸੀ.ਪੀ.ਐੱਮ., ਸਮਾਜਵਾਦੀ ਪਾਰਟੀ (ਸਪਾ), ਐੱਨ.ਸੀ., ਏ.ਆਈ.ਐੱਮ.ਆਈ.ਐੱਮ., ਰਾਸ਼ਟਰੀ ਜਨਤਾ ਦਲ ਤੇ ਏ.ਆਈ.ਯੂ.ਡੀ.ਐੱਫ. ਦੇ ਪ੍ਰਤੀਨਿਧੀ ਸ਼ਾਮਲ ਹੋਏ। ਮੀਟਿੰਗ ਵਿਚ ਕਾਂਗਰਸ ਦੇ ਮਲਿਕਾਰਜੁਨ ਖੜਗੇ ਤੇ ਜੈਰਾਮ ਰਮੇਸ਼, ਟੀ.ਐੱਮ.ਸੀ. ਦੇ ਅਭਿਸ਼ੇਕ ਬੈਨਰਜੀ, ਡੀ.ਐੱਮ.ਕੇ. ਤੇ ਤਿਰੁਚੀ ਸਿਵਾ, ਸੀ.ਪੀ.ਐੱਮ. ਦੇ ਸੀਤਾਰਾਮ ਯੇਚੁਰੀ ਤੇ ਸੀ.ਪੀ.ਆਈ. ਦੇ ਡੀ. ਰਾਜਾ ਨੇ ਹਿੱਸਾ ਲਿਆ। ਪੰਜ ਖੇਤਰੀ ਦਲ- ਟੀ.ਆਰ.ਐੱਸ., ਬੀ.ਜੇ.ਡੀ., ਆਪ, ਸ਼੍ਰੋਮਣੀ ਅਕਾਲੀ ਦਲ ਤੇ ਵਾਈ.ਐੱਸ.ਆਰ.ਸੀ.ਪੀ. ਇਸ ਬੈਠਕ ਤੋਂ ਦੂਰ ਰਹੇ। ਇਨ੍ਹਾਂ ਪਾਰਟੀਆਂ ਨੂੰ ਫਿਲਹਾਲ ਕਿਸੇ ਵੀ ਧੜੇ ਵਿਚ ਨਹੀਂ ਮੰਨਿਆ ਜਾ ਰਿਹਾ। ਰਾਸ਼ਟਰਪਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 29 ਜੂਨ ਹੈ ਤੇ ਚੋਣਾਂ 18 ਜੁਲਾਈ ਨੂੰ ਹੋਣਗੀਆਂ।

Share