ਭਾਰਤ ਦੀ ਕੂਟਨੀਤਿਕ ਜਿੱਤ: ਕੈਨੇਡਾ ਵੱਲੋਂ ਪੰਜਾਬ ‘ਚ ਖਾਲਿਸਤਾਨ ਬਾਰੇ ਰਾਏਸ਼ੁਮਾਰੀ ਨੂੰ ਮਾਨਤਾ ਦੇਣ ਤੋਂ ਇਨਕਾਰ

653
Share

ਔਟਾਵਾ, 26 ਜੁਲਾਈ (ਪੰਜਾਬ ਮੇਲ)- ਕੈਨੇਡਾ ਨੇ ਭਾਰਤ ਦੇ ਪੰਜਾਬ ‘ਚ ਵੱਖਵਾਦੀਆਂ ਵੱਲੋਂ ਅਲੱਗ ਰਾਜ ਖਾਲਿਸਤਾਨ ਬਣਾਉਣ ਦੀ ਮੰਗ ਨੂੰ ਲੈ ਕੇ ਰਾਏਸ਼ੁਮਾਰੀ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੈਨੇਡਾ ਸਰਕਾਰ ਨੇ ਦੋ ਟੁੱਕ ਕਿਹਾ ਹੈ ਕਿ ਉਹ ਅਜਿਹੀ ਕਿਸੇ ਮੰਗ ਦਾ ਸਮਰਥਨ ਨਹੀਂ ਕਰੇਗਾ, ਜੋ ਭਾਰਤ ਵਿਰੁੱਧ ਹੋਵੇ। ਕੈਨੇਡਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਰਾਏਸ਼ੁਮਾਰੀ ਨੂੰ ਲੈ ਕੇ ਕੈਨੇਡਾ ਸਰਕਾਰ ਦੇ ਰੁਖ਼ ਸਬੰਧੀ ਨਿਊਜ਼ ਏਜੰਸੀ ਏ.ਐੱਨ.ਆਈ. ਦੇ ਸਵਾਲਾਂ ਦੇ ਜਵਾਬ ‘ਚ ਦੱਸਿਆ ਕਿ ਕੈਨੇਡਾ, ਭਾਰਤ ਦੀ ਖੁਦਮੁਖਤਿਆਰੀ, ਏਕਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਅਜਿਹੀ ਕਿਸੇ ਵੀ ਮੰਗ ਦਾ ਸਮਰਥਨ ਨਹੀਂ ਕਰਦੀ, ਜੋ ਭਾਰਤ ਦੀ ਖੁਦਮੁਖਤਿਆਰੀ ਅਤੇ ਅਖੰਡਤਾ ਦੇ ਵਿਰੁੱਧ ਹੋਵੇ।
ਅਮਰੀਕਾ ਸਥਿਤ ਵੱਖਵਾਦੀ ਸਮੂਹ ਵੱਲੋਂ ਭਾਰਤ ਵਿਚ ਸਿੱਖਾਂ ਲਈ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਨਵੰਬਰ ਵਿਚ ਪੰਜਾਬ 2020 ਰਾਏਸ਼ੁਮਾਰੀ ਕਰਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਕੈਨੇਡਾ ਨੇ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੈਨੇਡਾ ਦੇ ਇਸ ਰੁਖ਼ ਨੂੰ ਸਿੱਖ ਨੇਤਾਵਾਂ ਅਤੇ ਮਾਹਰਾਂ ਨੇ ਵੀ ਭਾਰਤ ਸਰਕਾਰ ਲਈ ਇੱਕ ਕੂਟਨੀਤਿਕ ਜਿੱਤ ਮੰਨਿਆ ਹੈ।
ਇਸ ਘਟਨਾਕ੍ਰਮ ‘ਤੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸ਼ਸ਼ੀ ਕਾਂਤ ਨੇ ਕਿਹਾ ਕਿ ਕੈਨੇਡਾ ਸਰਕਾਰ ਦਾ ਜਾਤੀ ਅਤੇ ਧਾਰਮਿਕ ਸਮੂਹਾਂ ਦੇ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਨਾ ਕਰਨ ਦਾ ਇੱਕ ਰੁਖ਼ ਰਿਹਾ ਹੈ। ਹਾਲੀਆ ਬਿਆਨ ਭਾਰਤ ਸਰਕਾਰ ਦੀ ਇਸ ਵਿਦੇਸ਼ ਨੀਤੀ ਲਈ ਇੱਕ ਵੱਡੀ ਜਿੱਤ ਹੈ, ਜੋ ਇਹ ਦਰਸਾਉਂਦਾ ਹੈ ਕਿ ਹੋਰ ਦੇਸ਼ ਭਾਰਤ ਦੀ ਖੁਦਮੁਖਤਿਆਰੀ ਦਾ ਬਹੁਤ ਸਨਮਾਨ ਕਰ ਰਹੇ ਹਨ।


Share