ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਨਾਂ ’ਤੇ ਪਾਬੰਦੀ ਇੰਡੋ-ਕੈਨੇਡੀਅਨ ਭਾਈਚਾਰੇ ਨਾਲ ਵਿਤਕਰਾ : ਆਗੂ

340
Share

* ਕਈ ਗੁਣਾਂ ਵਧ ਕਿਰਾਇਆ ਖਰਚ ਕਰਕੇ ਤੇ ਲੰਬਾ ਸਮਾਂ ਲਾ ਕੇ ਕੈਨੇਡਾ ਪਹੁੰਚਦੇ ਹਨ ਭਾਰਤੀ
ਸੈਕਰਾਮੈਂਟੋ, 22 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਨੇਡਾ ਸਰਕਾਰ ਵੱਲੋਂ ਭਾਰਤ ਤੋਂ ਸਿੱਧੀਆਂ ਹਵਾਈ ਉਡਾਨਾਂ ’ਤੇ 21 ਸਤੰਬਰ 2021 ਤੱਕ ਲਾਈ ਪਾਬੰਦੀ ਤੇ ਵਿਸ਼ਵ ਦੇ ਬਾਕੀ ਦੇਸ਼ਾਂ ਦੇ ਟੀਕਾਕਰਣ ਕਰਵਾ ਚੁੱਕੇ ਪਰਿਵਾਰਾਂ ਤੇ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਦੀ ਖੁੱਲ੍ਹ ਦੇਣ ਦੇ ਫੈਸਲੇ ਕਾਰਨ ਇੰਡੋ-ਕੈਨੇਡਾ ਭਾਈਚਾਰੇ ’ਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ ਤੇ ਭਾਈਚਾਰੇ ਦੇ ਆਗੂਆਂ ਨੇ ਕੈਨੇਡਾ ਦੇ ਇਸ ਫੈਸਲੇ ਨੂੰ ਇੰਡੋ-ਕੈਨੇਡੀਅਨ ਭਾਈਚਾਰੇ ਨਾਲ ਵਿਤਕਰਾ ਕਰਾਰ ਦਿੱਤਾ ਹੈ। ਇੰਡੋ-ਕੈਨੇਡੀਅਨ ਐਵੀਏਸ਼ਨ ਮਾਹਿਰ ਹੇਮੰਤ ਸ਼ਾਹ, ਕੈਨੇਡਾ-ਇੰਡੀਆ ਫਾਉਂਡੇਸ਼ਨ ਦੇ ਚੇਅਰਮੈਨ ਸਤੀਸ਼ ਠਾਕੁਰ ਤੇ ਰਿਸ਼ੀ ਕਪੂਰ ਨਾਨਕ ਫਲਾਈਟਸ ਨੇ ਜਾਰੀ ਇਕ ਬਿਆਨ ’ਚ ਕਿਹਾ ਹੈ ਕਿ ਜਦੋਂ ਅਸੀਂ ਮਾਨਵੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਭਾਰਤ ਨਾਲ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ, ਜਦਕਿ ਕੈਨੇਡਾ ਦੇ ਕਿਰਤੀਆਂ ਦਾ ਵੱਡਾ ਹਿੱਸਾ ਭਾਰਤੀ ਮੂਲ ਦੇ ਕੈਨੇਡੀਅਨ ਹਨ ਤੇ ਭਾਰਤੀ ਵਿਦਿਆਰਥੀਆਂ ਵੱਲੋਂ ਖਰਚ ਕੀਤੇ ਜਾ ਰਹੇ ਕਰੋੜਾਂ ਡਾਲਰ ਕੈਨੇਡਾ ਦੀ ਅਰਥ ਵਿਵਸਥਾ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਨਾਂ ਆਗੂਆਂ ਨੇ ਕਿਹਾ ਹੈ ਕਿ ਇਸ ਪਾਬੰਦੀ ਨੇ ਭਾਈਚਾਰੇ ਵਿਚ ਭੰਬਲਭੂਸਾ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਭਾਰਤ ’ਚ ਕੋਵਿਡ ਮਾਮਲੇ ਘੱਟ ਰਹੇ ਹਨ, ਜਦਕਿ ਹੋਰ ਕਈ ਦੇਸ਼ਾਂ ਵਿਚ ਵਧ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਭਾਰਤੀ ਯਾਤਰੀਆਂ ਨੇ ਵਿਸ਼ਵ ਸਿਹਤ ਸੰਗਠਨ ਤੇ ਕੈਨੇਡਾ ਵੱਲੋਂ ਮਾਨਤਾ ਪ੍ਰਾਪਤ ਕੋਵੀਸ਼ੀਲਡ ਟੀਕੇ ਲਵਾਏ ਹਨ, ਜੇਕਰ ਹੋਰਨਾਂ ਦੇਸ਼ਾਂ ਦੇ ਦੋ ਟੀਕੇ ਲਵਾ ਚੁੱਕੇ ਲੋਕ ਕੈਨੇਡਾ ਆ ਸਕਦੇ ਹਨ, ਤਾਂ ਭਾਰਤੀਆਂ ਉਪਰ ਵੀ ਇਹ ਹੀ ਨਿਯਮ ਲਾਗੂ ਹੋਣਾ ਚਾਹੀਦਾ ਹੈ। ਆਗੂਆਂ ਨੇ ਪੁੱਛਿਆ ਹੈ ਕਿ ਜੇਕਰ ਭਾਰਤੀ ਕਿਸੇ ਤੀਸਰੇ ਦੇਸ਼ ਰਾਹੀਂ ਕੈਨੇਡਾ ਆ ਸਕਦੇ ਹਨ, ਤਾਂ ਫਿਰ ਸਿੱਧੀਆਂ ਉਡਾਨਾਂ ਰਾਹੀਂ ਕਿਉਂ ਨਹੀਂ ਆ ਸਕਦੇ? ਆਗੂਆਂ ਨੇ ਕਿਹਾ ਹੈ ਕਿ ਸਿੱਧੀਆਂ ਉਡਾਨਾਂ ਉਪਰ ਪਾਬੰਦੀ ਕਾਰਨ ਭਾਰਤੀਆਂ ਉਪਰ ਭਾਰੀ ਆਰਥਕ ਬੋਝ ਪੈ ਰਿਹਾ ਹੈ।
ਹਾਲਾਂਕਿ ਵੈਟਰਨਜ਼ ਐਸੋਸੀਏਸ਼ਨ ਓਨਟਾਰੀਓ ਦੇ ਪ੍ਰਧਾਨ ਬਿ੍ਰਗੇਡੀਅਰ (ਸੇਵਾਮੁਕਤ) ਨਵਾਬ ਹੀਰ ਨੇ ਕੈਨੇਡਾ ਦੇ ਫੈਸਲੇ ਦਾ ਪੱਖ ਪੂਰਦਿਆਂ ਕਿਹਾ ਹੈ ਕਿ ਕੋਵਿਡ-19 ਦੇ ਭਾਰਤੀ ਡੈਲਟਾ ਰੂਪ ਦੇ ਖਤਰੇ ਕਾਰਨ ਭਾਰਤੀ ਉਡਾਨਾਂ ’ਤੇ ਪਾਬੰਦੀ ਲਾਈ ਗਈ ਹੈ। ਇਥੇ ਜ਼ਿਕਰਯੋਗ ਹੈ ਕਿ ਸਿੱਧੀਆਂ ਉਡਾਨਾਂ ’ਤੇ ਪਾਬੰਦੀ ਕਾਰਨ ਭਾਰਤੀ ਵਿਦਿਆਰਥੀਆਂ ਤੇ¿; ਪਰਿਵਾਰਾਂ ਨੂੰ ਕੈਨੇਡਾ ਆਉਣ ਲਈ ਹੋਰ ਦੇਸ਼ਾਂ ਰਾਹੀਂ ਆਉਣਾ ਪੈਂਦਾ ਹੈ, ਜਿਸ ਕਾਰਨ ਪ੍ਰਤੀ ਮੁਸਾਫਿਰ 4000 ਤੋਂ 6000 ਡਾਲਰ ਤੱਕ ਖਰਚਣੇ ਪੈ ਰਹੇ ਹਨ। ਉਹ ਮੈਕਸੀਕੋ, ਮਾਲਦੀਵ, ਦੋਹਾ, ਬੈਲਗਰੇਡ ਤੇ ਕਾਹਿਰਾ ਰਾਹੀਂ ਕੈਨੇਡਾ ਪਹੁੰਚਦੇ ਹਨ, ਜਿਥੇ ਉਨਾਂ ਨੂੰ ਕੋਵਿਡ ਟੈਸਟ ਕਰਵਾਉਣ ਤੇ ਕੈਨੇਡਾ ਲਈ ਉਡਾਨ ਭਰਨ ਵਾਸਤੇ 2 ਤੋਂ 10 ਤੱਕ ਰਾਤਾਂ ਗੁਜਾਰਨੀਆਂ ਪੈਂਦੀਆਂ ਹਨ। ਸੂਤਰਾਂ ਅਨੁਸਾਰ ਕੈਨੇਡਾ ਦੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਭਾਰਤ ਤੋਂ ਆਉਣ ਵਾਲੇ ਯਾਤਰੀ ਕੋਵਿਡ ਵੈਕਸੀਨ ਲਵਾਉਣ ਸਬੰਧੀ ਫਰਜੀ ਦਸਤਾਵੇਜ਼ਾਂ ਦੀ ਵਰਤੋਂ ਕਰਦੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਾਕਿਸਤਾਨ ਤੋਂ ਕੈਨੇਡਾ ਲਈ ਸਿੱਧੀਆਂ ਉਡਾਨਾਂ ’ਤੇ ਪਾਬੰਦੀ ਨਹੀਂ ਹੈ।

Share