ਭਾਰਤ ਤੋਂ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਅਮਰੀਕੀ ਨੇਵੀ ਵੱਲੋਂ ਭਾਰਤੀ ਪਾਣੀ ਵਿਚ ਸਮੁੰਦਰੀ ਜਹਾਜ਼ਾਂ ਦੀ ਮੁਹਿੰਮ ਸ਼ੁਰੂ

158
Share

-ਭਾਰਤੀ ਵਿਦੇਸ਼ ਮੰਤਰਾਲੇ ਨੇ ਇਤਰਾਜ਼ ਜਤਾਇਆ
ਵਾਸ਼ਿੰਗਟਨ, 9 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੀ ਜਲ ਸੈਨਾ ਨੇ ਬੁੱਧਵਾਰ ਨੂੰ ਭਾਰਤ ਤੋਂ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਲਕਸ਼ਦੀਪ ਟਾਪੂ ਦੇ ਨਜ਼ਦੀਕ ਭਾਰਤੀ ਪਾਣੀ ਵਿਚ ਸਮੁੰਦਰੀ ਜ਼ਹਾਜ਼ਾਂ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਯੂ.ਐੱਸ. ਨੇਵੀ ਦੇ ਸੱਤਵੇਂ ਬੇੜੇ ਦੇ ਕਮਾਂਡਰ ਦੁਆਰਾ ਜਾਰੀ ਬਿਆਨ ’ਚ 7 ਅਪਰੈਲ ਨੂੰ ਯੂ.ਐੱਸ.ਐੱਸ. ਜੌਨ ਪਾਲ ਜੋਨਸ ਦੁਆਰਾ ਇਹ ਮੁਹਿੰਮ ਸ਼ੁਰੂ ਕੀਤੀ ਗਈ। ਬਿਆਨ ’ਚ ਕਿਹਾ ਗਿਆ ਹੈ, ‘‘7 ਅਪ੍ਰੈਲ 2021 ਨੂੰ ਯੂ.ਐੱਸ.ਐੱਸ. ਜੌਨ ਪਾਲ ਜੋਨਸ (ਡੀ.ਡੀ.ਜੀ. 53) ਭਾਰਤ ਦੀ ਆਗਿਆ ਤੋਂ ਬਿਨਾਂ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਭਾਰਤ ਦੇ ਵਿਸ਼ੇਸ਼ ਆਰਥਿਕ ਖੇਤਰ ’ਚ ਲਕਸ਼ਦੀਪ ਟਾਪੂ ਦੇ ਪੱਛਮ ’ਚ 130 ਸਮੁੰਦਰੀ ਮੀਲ ਦੂਰ ਸੀ। ਭਾਰਤ ਦੇ ਵਿਸ਼ੇਸ਼ ਆਰਥਿਕ ਜ਼ੋਨ ਵਿਚ ਫੌਜੀ ਅਭਿਆਸ ਜਾਂ ਮੁਹਿੰਮ ਲਈ ਪਹਿਲਾਂ ਤੋਂ ਆਗਿਆ ਲੈਣੀ ਪੈਂਦੀ ਹੈ। ਬਿਆਨ ’ਚ ਦਾਅਵਾ ਕੀਤਾ ਗਿਆ ਹੈ ਕਿ ਇਹ ਮੁਹਿੰਮ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਚਲਾਈ ਗਈ ਹੈ।
ਯੂ.ਐੱਨ. ਕਾਨੂੰਨ ਮੁਤਾਬਕ ਦੂਜੇ ਮੁਲਕ ਦੇ ਪਾਣੀਆਂ ’ਚ ਫ਼ੌਜੀ ਮਸ਼ਕ ਦੀ ਇਜਾਜ਼ਤ ਨਹੀਂ: ਵਿਦੇਸ਼ ਮੰਤਰਾਲਾ
ਇਸੇ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਕਾਨੂੰਨ ਮੁਤਾਬਕ ਕਿਸੇ ਮੁਲਕ ਨੂੰ ਵੀ ਦੂਜੇ ਮੁਲਕ ਦੇ ਪਾਣੀਆਂ ਜਾਂ ਵਿਸ਼ੇਸ਼ ਆਰਥਿਕ ਜ਼ੋਨ ਵਿਚ ਸਬੰਧਤ ਦੇਸ਼ ਦੀ ਮਨਜ਼ੂਰੀ ਬਿਨਾਂ ਤੋਂ ਫ਼ੌਜੀ ਮਸ਼ਕਾਂ ਕਰਨ ਦੀ ਇਜਾਜ਼ਤ ਨਹੀਂ ਹੈ।

Share