
ਨਵੀਂ ਦਿੱਲੀ, 27 ਮਈ (ਪੰਜਾਬ ਮੇਲ)-ਆਈ.ਸੀ.ਐੱਮ.ਆਰ. ਨੇ ਕੋਵਿਡ-19 ਦੀ ਰੋਕਥਾਮ ਲਈ ਮਲੇਰੀਆ ਦੇ ਇਲਾਜ ‘ਚ ਵਰਤੀ ਜਾਂਦੀ ਦਵਾਈ ਹਾਈਡ੍ਰੋਕਸੀ ਕਲੋਰੋਕੁਇਨ ਦੀ ਵੱਡੇ ਪੱਧਰ ‘ਤੇ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਵਾਈ ਨੂੰ ਆਧੁਨਿਕ ਯੁੱਗ ਦੀ ‘ਸੰਜੀਵਨੀ’ ਕਿਹਾ ਗਿਆ ਸੀ। ਇਸ ਤੋਂ ਪਹਿਲਾਂ ਆਈਆਂ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਆਈ.ਸੀ.ਐੱਮ.ਆਰ. ਇਸ ਦਵਾਈ ਨੂੰ ਆਪਣੇ ਪ੍ਰੋਟੋਕੋਲ ਤੋਂ ਹਟਾ ਸਕਦਾ ਹੈ ਪਰ ਇਸ ਦੇ ਉਲਟ ਆਪਣੇ ਮੁਲਾਂਕਣ ਵਿਚ ਉਸ ਨੇ ਦਵਾਈ ਨਾਲ ਜੁੜੀਆਂ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ ਹੈ। ਦੱਸਿਆ ਗਿਆ ਹੈ ਕਿ ਆਈ.ਸੀ.ਐੱਮ.ਆਰ. ਨੇ ਇਹ ਫ਼ੈਸਲਾ 1,323 ਹੈਲਥ ਕੇਅਰ ਵਰਕਰਜ਼ ਉੱਤੇ ਦਵਾਈ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਤੋਂ ਬਾਅਦ ਲਿਆ ਹੈ।
ਨਵੇਂ ਦਿਸ਼ਾ-ਨਿਰਦੇਸ਼ਾਂ ਵਿਚ ਆਈ.ਸੀ.ਐੱਮ.ਆਰ. ਨੇ ਕਿਹਾ ਹੈ ਕਿ ਸਾਰੀਆਂ ਸਾਵਧਾਨੀ ਵਰਤਦਿਆਂ ਹਾਈਡ੍ਰੋਕਸੀਕਲੋਰੋਕੁਇਨ ਉਨ੍ਹਾਂ ਸਾਰੇ ਸਿਹਤ ਕਰਮਚਾਰੀਆਂ ਨੂੰ ਦਿੱਤੀ ਜਾ ਸਕਦੀ ਹੈ, ਜੋ ਕੋਵਿਡ-19 ਦੇ ਇਲਾਜ ਵਿਚ ਲੱਗੇ ਹੋਏ ਹਨ ਅਤੇ ਜਿਨ੍ਹਾਂ ‘ਚ ਲੱਛਣ ਨਹੀਂ ਦਿਖਾਈ ਦੇ ਰਹੇ ਹਨ। ਇਨ੍ਹਾਂ ‘ਚ ਕੁਆਰੰਟੀਨ ਸੈਂਟਰਾਂ ‘ਚ ਤਾਇਨਾਤ ਸਿਹਤ ਕਰਮਚਾਰੀ ਅਤੇ ਸਾਰੇ ਹਸਪਤਾਲਾਂ ਦੇ ਸਿਹਤ ਕਰਮਚਾਰੀ ਵੀ ਸ਼ਾਮਲ ਹਨ।
ਸਿਹਤ ਕਰਮਚਾਰੀਆਂ ਤੋਂ ਇਲਾਵਾ ਕੋਵਿਡ-19 ਦੀ ਰੋਕਥਾਮ ‘ਚ ਫਰੰਟ ਲਾਈਨ ‘ਤੇ ਕੰਮ ਕਰ ਰਹੇ ਲੋਕਾਂ ਨੂੰ ਵੀ ਹਾਈਡ੍ਰੋਕਸੀਕਲੋਰੋਕੁਇਨ ਦਿੱਤੇ ਜਾਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ‘ਚ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤੇ ਗਏ ਇਲਾਕਿਆਂ ‘ਚ ਤਾਇਨਾਤ ਪੁਲਿਸ ਕਰਮਚਾਰੀ ਤੇ ਅਰਧ ਪੈਰਾ ਮਿਲਟਰੀ ਜਵਾਨ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਲੈਬ ਟੈਸਟ ‘ਚ ਪਾਜ਼ੀਟਿਵ ਪਾਏ ਗਏ ਵਿਅਕਤੀ ਦੇ ਘਰ ‘ਚ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਵੀ ਇਹ ਦਵਾਈ ਦਿੱਤੀ ਜਾ ਸਕਦੀ ਹੈ। ਦੂਜੇ ਪਾਸੇ ਹਾਈਡ੍ਰੋਕਸੀਕਲੋਰੋਕੁਇਨ ਦੀ ਵਰਤੋਂ ਨਾਲ ਸਬੰਧਤ ਸਾਵਧਾਨੀਆਂ ‘ਚ ਕਿਹਾ ਗਿਆ ਹੈ ਕਿ ਜੇ ਕਿਸੇ ਵਿਅਕਤੀ ‘ਚ ਇਸ ਦੇ ਬੁਰੇ ਪ੍ਰਭਾਵ ਜਿਵੇਂ ਦਿਲ ਨਾਲ ਸਬੰਧਤ ਬੀਮਾਰੀ ਵਿਖਾਈ ਦੇਵੇ, ਤਾਂ ਦਵਾਈ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ। 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਵੀ ਹਾਈਡ੍ਰੋਕਸੀਕਲੋਰੋਕੁਇਨ ਨਾ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ।