ਭਾਰਤ ‘ਚ ਸਾਹਮਣੇ ਆਏ 1409 ਨਵੇਂ ਮਾਮਲੇ

745

-ਦੇਸ਼ ਦੇ 78 ਜ਼ਿਲਿਆਂ ‘ਚ ਨਹੀਂ ਕੋਈ ਕੇਸ’
ਨਵੀਂ ਦਿੱਲੀ, 23 ਅਪ੍ਰੈਲ (ਪੰਜਾਬ ਮੇਲ)- ਭਾਰਤ ‘ਚ ਲਾਕਡਾਊਨ ਨੂੰ ਲਾਗੂ ਹੋਇਆ ਇਕ ਮਹੀਨਾ ਪੂਰਾ ਹੋਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਸਿਹਤ ਮੰਤਰਾਲਾ ਦੇ ਤਾਜ਼ਾ ਅੰਕਡ਼ਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਦੇਸ਼ ਭਰ ‘ਚ 1409 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 21,393 ਹੋ ਗਈ ਹੈ।
ਸਿਹਤ ਮੰਤਰਾਲਾ ਨੇ ਦੱਸਿਆ ਕਿ ਅੱਜ ਦੇਸ਼ ਵਿਚ 12 ਜ਼ਿਲੇ ਅਜਿਹੇ ਹਨ, ਜਿੱਥੇ ਪਿਛਲੇ 28 ਦਿਨਾਂ ਤੋਂ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉੱਥੇ ਹੀ ਦੇਸ਼ ‘ਚ 23 ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 78 ਜ਼ਿਲੇ ਅਜਿਹੇ ਵੀ ਹਨ, ਜਿੱਥੇ 14 ਦਿਨਾਂ ਤੋਂ ਕੋਈ ਕੇਸ ਦਰਜ ਨਹੀਂ ਹੋਇਆ ਹੈ।
ਗ੍ਰਹਿ ਮੰਤਰਾਲਾ ਦੀ ਸੰਯੁਕਤ ਸਕੱਤਰ ਪੁਨਯ ਸਲਿਲਾ ਸ਼੍ਰੀਵਾਸਤਵ ਨੇ ਕਿਹਾ ਕਿ ਦੇਸ਼ ‘ਚ ਪੇਂਡੂ ਖੇਤਰਾਂ ਵਿਚ ਅਰਥਵਿਵਸਥਾ ਦੀ ਰਫਤਾਰ ਬਣਾ ਕੇ ਰੱਖਣ ਲਈ ਖੇਤੀ ਕੰਮਾਂ ਦੀ ਆਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰੀਪੇਡ ਮੋਬਾਇਲ ਦੀ ਰਿਚਾਰਜ ਸੇਵਾਵਾਂ, ਸ਼ਹਿਰੀ ਖੇਤਰਾਂ ਵਿਚ ਸਥਿਤ ਖੁਰਾਕ ਪ੍ਰੋਸੈਸਿੰਗ ਉਦਯੋਗ ਜਿਵੇਂ ਦੁੱਧ, ਬਰੈੱਡ ਫੈਕਟਰੀ, ਆਟਾ ਮਿੱਲਾਂ ਨੂੰ ਛੋਟ ਪ੍ਰਾਪਤ ਹੈ। ਵਿਦਿਆਰਥੀਆਂ ਲਈ ਸਿੱਖਿਅਕ ਕਿਤਾਬਾਂ ਦੀਆਂ ਦੁਕਾਨਾਂ ਅਤੇ ਗਰਮੀ ਦੇ ਮੌਸਮ ਨੂੰ ਦੇਖਦਿਆਂ ਇਲੈਕਟ੍ਰਾਨਿਕ ਪੱਖਿਆਂ ਦੀਆਂ ਦੁਕਾਨਾਂ ਨੂੰ ਵੀ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਦਿੱਲੀ ਦੇ ਸਿਹਤ ਮੰਤਰੀ ਸੱਤਿਯੇਂਦਰ ਜੈਨ ਨੇ ਕਿਹਾ ਕਿ ਸੂਬੇ ਵਿਚ ਪਾਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ 2248 ਹੈ, ਇਸ ‘ਚੋਂ ਕੱਲ 92 ਕੇਸ ਸਾਹਮਣੇ ਆਏ ਅਤੇ ਕੱਲ 113 ਮਰੀਜ਼ ਠੀਕ ਹੋ ਗਏ। ਅਜੇ ਤੱਕ ਦਿੱਲੀ ਵਿਚ ਕੋਰੋਨਾ ਨਾਲ 724 ਲੋਕ ਠੀਕ ਹੋ ਚੁੱਕੇ ਹਨ, ਜੋ ਕਿ 32 ਫੀਸਦੀ ਹੁੰਦਾ ਹੈ। 2248 ‘ਚੋਂ 48 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 24 ਲੋਕ ਆਈ.ਸੀ.ਯੂ. ‘ਚ ਅਤੇ 6 ਲੋਕ ਵੈਂਟੀਲੇਟਰ ‘ਤੇ ਹਨ।